
ਹੁਸ਼ਿਆਰਪੁਰ 3 ਮਈ (ਤਰਸੇਮ ਦੀਵਾਨਾ) ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਨੇ ਅੱਜ ਸੀ.ਐਚ.ਸੀ ਹਾਜੀਪੁਰ ਅਤੇ ਸੀ.ਐਚ.ਸੀ ਬੁਢਾਵਾੜ ਦਾ ਦੌਰਾ ਕੀਤਾ। ਸਿਵਲ ਸਰਜਨ ਦੇ ਸਿਹਤ ਸੰਸਥਾਵਾਂ ਦੇ ਇਹਨਾਂ ਦੌਰਿਆਂ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਉੱਥੇ ਮਿਲਣ ਵਾਲੀਆਂ ਸਹੂਲਤਾਂ ਦਾ ਨਿਰੀਖਣ ਕਰਕੇ ਹੋਰ ਬਿਹਤਰ ਬਣਾਉਣਾ ਹੈ, ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਵਾਰਡ ਦਾ ਦੌਰਾ ਕਰਕੇ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਫਾਰਮੇਸੀ ਵਿਚ ਉਪਲੱਭਦ ਦਵਾਈਆਂ ਦਾ ਵੀ ਨਰੀਖਣ ਕੀਤਾ। ਉਹਨਾਂ ਸਮੂੰਹ ਸਟਾਫ ਦੀ ਹਾਜ਼ਰੀ ਚੈਕ ਕੀਤੀ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਉਹਨਾਂ ਸਭ ਨੂੰ ਸਮੇਂ ਦੇ ਪਾਬੰਦ ਹੋਣ ਦੀ ਹਿਦਾਇਤ ਕੀਤੀ। ਉਹਨਾਂ ਸੰਸਥਾਗਤ ਜਣੇਪੇ ਨੂੰ ਉਤਸਾਹਿਤ ਕਰਨ ਲਈ ਸੰਬੰਧਿਤ ਸਟਾਫ ਨੂੰ ਪ੍ਰੇਰਿਤ ਕੀਤਾ। ਔਰਤ ਰੋਗਾਂ ਦੇ ਮਾਹਿਰ ਡਾਕਟਰ ਨੂੰ ਡਲਿਵਰੀ ਦੌਰਾਨ ਔਰਤਾਂ ਨਾਲ ਪਿਆਰ ਭਰਿਆ ਵਤੀਰਾ ਰੱਖਣ ਅਤੇ ਸਾਰੀਆਂ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣ ਦੀ ਹਿਦਾਇਤ ਕੀਤੀ। ਉਹਨਾਂ ਟੀਕਾਕਰਨ ਦਾ ਵੀ ਜਾਇਜ਼ਾ ਲਿਆ ਅਤੇ ਸੰਬੰਧਿਤ ਸਟਾਫ ਨੂੰ ਮਾਤਰੀ ਮੌਤ ਦਰ ਅਤੇ ਚਾਈਲਡ ਡੈੱਥ ਦਰ ਨੂੰ ਘਟ ਕਰਨ ਲਈ ਯੋਗ ਉਪਰਾਲੇ ਕਰਨ ਨੂੰ ਕਿਹਾ। ਗਰਭਵਤੀਆਂ ਦਾ ਪੰਜੀਕਰਨ ਪਹਿਲੀ ਤਿਮਾਹੀ ਵਿਚ ਯਕੀਨੀ ਬਣਾਇਆ ਜਾਵੇ। ਉੱਚ ਜੋਖਮ ਵਾਲੀਆਂ ਗਰਭਵਤੀਆਂ ਦੀ ਹਰ ਮਹੀਨੇ ਸੂਚੀ ਤਿਆਰ ਕਰਕੇ ਉਹਨਾਂ ਨੂੰ ਵਾਧੂ ਵਿਜਿਟਾਂ ਦਿਤੀਆਂ ਜਾਣ ਅਤੇ ਮਹੀਨੇ ਦੀ 9 ਤਰੀਕ ਨੂੰ ਪੀਐਮਐਸਐਮ ਵਾਈ ਵਾਲੇ ਦਿਨ ਮਾਹਿਰ ਡਾਕਟਰ ਕੋਲੋਂ ਜਾਂਚ ਯਕੀਨੀ ਬਣਾਈ ਜਾਵੇ। ਉਹਨਾਂ ਫੀਲਡ ਸਟਾਫ ਏਐਨਐਮ ਅਤੇ ਹੈਲਥ ਵਰਕਰ ਮੇਲ ਨੂੰ ਮਲੇਰੀਆ ਅਤੇ ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਫਰਾਈਡੇ ਡ੍ਰਾਈ ਡੇ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਉਹਨਾਂ ਨੂੰ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਪ੍ਰਤੀ ਸੁਚੇਤ ਕੀਤਾ ਜਾਵੇ। ਉਹਨਾਂ ਸਟਾਫ਼ ਨੂੰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ, ਮਰੀਜ਼ਾਂ ਪ੍ਰਤੀ ਪਿਆਰ ਵਾਲਾ ਰਵੱਈਆ ਅਪਨਾਉਣ ਲਈ ਕਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਸਿਹਤ ਸੰਸਥਾ ਵਿਚ ਆਏ ਮਰੀਜ਼ਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਹਦਾਇਤ ਕੀਤੀ। ਇਸ ਮੌਕੇ ਸੀ.ਐਚ.ਸੀ ਹਾਜ਼ੀਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸ਼ੈਲੀ ਬਾਜਵਾ, ਸੀ.ਐਚ.ਸੀ ਬੁਢਾਵਾੜ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਕੁਮਾਰ ਅਤੇ ਹੋਰ ਸਟਾਫ ਹਾਜ਼ਰ ਸਨ।