ਸੁਰੱਖਿਆ ਬਲਾਂ ਦੀ ਸਖ਼ਤ ਕਾਰਵਾਈ ਅਤੇ ਅਤਿਵਾਦ ਦੀਆਂ ਘਟਨਾਵਾਂ ਦੀ ਜਾਂਚ ਤੋਂ ਬਚਣ ਦੇ ਮਕਸਦ ਨਾਲ, ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ ਐੱਸ ਆਈ) ਨੇ ਜੰਮੂ ਕਸ਼ਮੀਰ ਵਿੱਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਦੇ ਸਰਗਰਮ ਵਰਕਰਾਂ (ਓ ਜੀ ਡਬਲਿਊ) ਦੇ ਆਪਣੇ ਸਥਾਪਤ ਨੈੱਟਵਰਕ ਨੂੰ ਮੁੱਖ ਧਾਰਾ ਦੀਆਂ ਕੌਮੀ ਸਿਆਸੀ ਪਾਰਟੀਆਂ ਵਿੱਚ ਘੁਸਪੈਠ ਕਰਨ ਲਈ ਕਿਹਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਆਈ ਐੱਸ ਆਈ ਆਪਣੀ ਰਣਨੀਤੀ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਉਹ 1990 ਦੇ ਦਹਾਕੇ ਦੇ ਸ਼ੁਰੂਆਤੀ ਦੌਰ ਦੀਆਂ ਉਨ੍ਹਾਂ ਸਥਾਨਕ ਅਤਿਵਾਦੀ ਜਥੇਬੰਦੀਆਂ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜੋ ਹੁਣ ਠੰਢੀਆਂ ਪੈ ਚੁੱਕੀਆਂ ਸਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਅਤਿਵਾਦੀ ਹਿੰਸਾ ਨੂੰ ਸਥਾਨਕ ਰੰਗ ਦਿੱਤਾ ਜਾ ਸਕੇ ਅਤੇ ਪਾਕਿਸਤਾਨ ਦੀ ਸਿੱਧੀ ਸ਼ਮੂਲੀਅਤ ਨੂੰ ਛੁਪਾਇਆ ਜਾ ਸਕੇ, ਕਿਉਂਕਿ ਪਾਕਿਸਤਾਨ ਮਨੀ ਲਾਂਡਰਿੰਗ ਅਤੇ ਅਤਿਵਾਦ ਨੂੰ ਫੰਡਿੰਗ ਦੇ ਮਾਮਲਿਆਂ ’ਤੇ ਨਜ਼ਰ ਰੱਖਣ ਵਾਲੀ ਆਲਮੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਲਗਾਤਾਰ ਨਿਗਰਾਨੀ ਦਾ ਸਾਹਮਣਾ ਕਰ ਰਿਹਾ ਹੈ।
ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਅਤਿਵਾਦ ਦੇ ਹਮਦਰਦਾਂ ਨੂੰ ਸਿਆਸੀ ਪਾਰਟੀਆਂ ’ਚ ਸ਼ਾਮਲ ਹੋਣ ਲਈ ਕਿਹਾ