April 12, 2026 4:18 pm

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ – ਸਿਹਤ ਵਿਭਾਗ ਵੱਲੋਂ ਲੂ ਤੋਂ ਬਚਾਅ ਲਈ ਅਡਵਾਇਜ਼ਰੀ ਜਾਰੀ

Share:

ਦਲਜੀਤ ਕੌਰ/ਸੰਗਰੂਰ, 9 ਮਈ, 2023: ਵਧ ਰਹੀ ਗਰਮੀ ਤੇ ਤਾਪਮਾਨ ਵਿੱਚ ਰੋਜ਼ਾਨਾ ਹੋ ਰਹੇ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅਡਵਾਇਜ਼ਰੀ ਦਾ ਜ਼ਿਕਰ ਕਰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ 40 ਡਿਗਰੀ ਤੋਂ ਵੱਧ ਤਾਪਮਾਨ ਹੋ ਜਾਣ ਕਾਰਨ ਲੂ ਦੀ ਸਥਿਤੀ ਬਣ ਜਾਂਦੀ ਹੈ ਜੋ ਕਿ ਸਰੀਰ ਦੇ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦੀ ਹੈ ਤੇ ਗਰਮੀ ਨਾਲ ਸਬੰਧਿਤ ਬੀਮਾਰੀਆਂ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀ, ਮਜ਼ਦੂਰੀ ਕਰਨ ਵਾਲੇ ਅਤੇ ਉਹ ਲੋਕ ਜੋ ਕਿ ਸਰੀਰਕ ਤੌਰ ‘ਤੇ ਬਿਮਾਰ ਹਨ, ਖ਼ਾਸ ਕਰ ਦਿਲ ਦੀ ਬੀਮਾਰੀ ਜਾਂ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਉਨ੍ਹਾਂ ਨੂੰ ਲੂ ਦਾ ਵਧੇਰੇ ਜੋਖਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੂ ਦੌਰਾਨ ਸਾਨੂੰ ਆਪਣੇ ਖਾਣ ਪੀਣ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਅਤੇ ਮੌਸਮੀ ਫ਼ਲ ਜਿਵੇਂ ਖਰਬੂਜ਼ਾ, ਤਰਬੂਜ਼, ਅੰਗੂਰ, ਲੀਚੀ, ਖੀਰਾ, ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਵਧੇਰੇ ਮਾਤਰਾ ਹੁੰਦੀ ਹੈ।
ਡਾ. ਪਰਮਿੰਦਰ ਕੌਰ ਨੇ ਲੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਬਾਹਰਲੇ ਕੰਮ ਸਵੇਰੇ ਅਤੇ ਸ਼ਾਮ ਨੂੰ ਹੀ ਕੀਤੇ ਜਾਣ, ਧੁੱਪ ਵਿੱਚ ਖਾਸ ਕਰ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਨਾ ਜਾਇਆ ਜਾਵੇ, ਜੇਕਰ ਜਾਣਾ ਜ਼ਿਆਦਾ ਜ਼ਰੂਰੀ ਹੋਵੇ ਤਾਂ ਪਾਣੀ ਨਾਲ ਲੈ ਕੇ ਜ਼ਰੂਰ ਜਾਓ ਤੇ ਥੋੜ੍ਹੇ- ਥੋਡ਼੍ਹੇ ਵਕਫ਼ੇ ਬਾਅਦ ਪਾਣੀ ਜ਼ਰੂਰ ਪੀਓ। ਉਨ੍ਹਾਂ ਕਿਹਾ ਕਿ ਧੁੱਪ ਤੋਂ ਬਚਾਅ ਲਈ ਛੱਤਰੀ, ਟੋਪੀ, ਕਾਲੀਆਂ ਐਨਕਾਂ ਅਤੇ ਤੌਲੀਏ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਹਲਕੇ ਰੰਗ ਦੇ ਸੂਤੀ ਤੇ ਢਿੱਲੇ ਕੱਪੜੇ ਪਾਏ ਜਾਣ। ਸ਼ਰਾਬ, ਚਾਹ, ਕੈਫੀ, ਤਲੀਆਂ ਹੋਈਆਂ ਚੀਜ਼ਾਂ ਆਦਿ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ, ਬਹੁਤ ਤੇਜ਼ ਸਿਰ ਦਰਦ, ਬੇਚੈਨੀ, ਚੱਕਰ ਆਉਣਾ, ਮਾਸਪੇਸ਼ੀਆਂ ਦੀ ਕਮਜ਼ੋਰੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣਾ ਆਦਿ ਲੂ ਲੱਗਣ ਦੇ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ‘ਤੇ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news