April 10, 2026 7:31 pm

ਡੀ. ਟੀ. ਐੱਫ. ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ 

Share:

ਦਲਜੀਤ ਕੌਰ/ਜਲੰਧਰ, 30 ਅਪ੍ਰੈਲ, 2023: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ‘ਤੇ ਇਕੱਠੇ ਹੋਏ ਸੈਂਕੜੇ ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਮੰਗਾਂ ਹੱਲ ਨਾ ਕੀਤੇ ਜਾਣ ਅਤੇ ਪੰਜਾਬ ਵਿੱਚ ਕੇਂਦਰ ਸਰਕਾਰ ਦੀ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵੇਂਕਰਨ ਪੱਖੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਖ਼ਿਲਾਫ਼ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਹਾਂ ਰੈਲੀ ਕਰਨ ਉਪਰੰਤ ਪ੍ਰੈੱਸ ਕਲੱਬ ਤੱਕ ਰੋਸ ਮਾਰਚ ਕੀਤਾ। ਅਧਿਆਪਕਾਂ ਦੇ ਰੋਹ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼੍ਰੀ ਰਮਨ ਅਰੋੜਾ ਵੱਲੋਂ ਰੈਲੀ ਵਿੱਚ ਪੁੱਜ ਕੇ ਜਥੇਬੰਦੀ ਦੀ 3 ਮਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਏ ਜਾਣ ਦਾ ਅੈਲਾਨ ਕੀਤਾ ਗਿਆ ਜਿਸ ਤੋਂ ਬਾਅਦ ਅਧਿਆਪਕਾਂ ਵੱਲੋਂ ਰੈਲੀ ਦੀ ਸਮਾਪਤੀ ਕਰ ਦਿੱਤੀ ਗਈ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਆਖਿਆ ਕਿ ਪਿਛਲੇ 11 ਸਾਲਾਂ ਤੋਂ ਪੈਡਿੰਗ 7654, 3442, 5178 ਭਰਤੀਆਂ ਦੇ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐੱਲ.) ਨਾਲ ਸਬੰਧਤ 125 ਅਧਿਆਪਕਾਂ ਨੂੰ ਰੈਗੂਲਰ ਕਰਾਉਣ, 180 ਈ.ਟੀ.ਟੀ. ਅਧਿਆਪਕਾਂ ਤੇ ਮੁੱਢਲੀ ਭਰਤੀ ਦੇ ਲਾਭ ਬਹਾਲ ਕਰਾਉਣ, ਸੰਘਰਸ਼ੀ ਅਧਿਆਪਕਾਂ ਦੀਆਂ ਵਿਕਟੇਮਾਈਜੇਸ਼ਨਾਂ ਤੇ ਉਹਨਾਂ ਉੱਤੇ ਦਰਜ਼ ਪੁਲਿਸ ਕੇਸ ਰੱਦ ਕਰਾਉਣ, ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਸਮੇਤ ਸਮੂਹ ਕੱਚੇ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਨੂੰ ਰੈਗੂਲਰ ਕਰਵਾਉਣ, ਕੰਪਿਊਟਰ ਅਧਿਆਪਕਾਂ ‘ਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਕੇ ਉਹਨਾਂ ਦੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਕਰਵਾਉਣ, ਪਰਖ ਸਮਾਂ ਐਕਟ-2015 ਰੱਦ ਕਰਨ ਦੇ ਅਦਾਲਤੀ ਫੈਸਲੇ ਅਨੁਸਾਰ ਸਬੰਧਿਤ ਕਾਡਰਾਂ ਦੇ ਬਕਾਏ ਜਾਰੀ ਕਰਵਾਉਣ ਅਤੇ ਆਮ ਲੋਕਾਂ ਤੋਂ ਸਿੱਖਿਆ ਖੋਹਣ ਵਾਲੀ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੀਆਂ ਸਥਾਨਕ ਲੋੜਾਂ ਤੇ ਸੱਭਿਆਚਾਰ ਅਨੁਸਾਰ ਸਿੱਖਿਆ ਨੀਤੀ ਨੂੰ ਲਾਗੂ ਕਰਵਾਉਣ ਤੋਂ ਬਿਨਾਂ ਅਧਿਆਪਕ ਚੁੱਪ ਨਹੀਂ ਬੈਠਣਗੇ। ਉਹਨਾਂ ਆਖਿਆ ਕਿ ਡੀ.ਟੀ.ਐੱਫ ਦੀ ਅਗਵਾਈ ਵਿੱਚ ਅੱਜ ਹੋਈ ਵੱਡੀ ਲਾਮਬੰਦੀ ਨੇ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਦਾ ਮੁੱਢ ਬੰਨ੍ਹ ਦਿੱਤਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਓ.ਡੀ.ਐੱਲ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਗਰੇਵਾਲ ਅਤੇ ਡੀ.ਟੀ. ਐੱਫ਼ ਦੇ ਪ੍ਰੈੱਸ ਸਕੱਤਰ ਪਵਨ ਮੁਕਤਸਰ ਨੇ ਕਿਹਾ ਕਿ ਵਰਤਮਾਨ ਪੰਜਾਬ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਜੁਲਾਈ 2020 ਤੋਂ ਬਾਅਦ ਲਾਗੂ ਕੇਂਦਰੀ ਪੈਟਰਨ ਅਧਾਰਿਤ ਨਵੇਂ ਤਨਖਾਹ ਸਕੇਲਾਂ ਦੀ ਥਾਂ ਪੰਜਾਬ ਸਕੇਲ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਰੋਕੇ ਗਏ ਭੱਤੇ ਤੇ ਏ.ਸੀ.ਪੀ ਬਹਾਲ ਕਰਨ ਦੇ ਲਾਰੇ ਲਾ ਕੇ ਸੱਤਾ ਵਿੱਚ ਆਈ ਹੈ ਸੀ ਪਰ ਹਾਲੇ ਤੱਕ ਇਸ ਪਾਸੇ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਜਿਸ ਕਾਰਨ ਸਰਕਾਰ ਦੇ ਪਹਿਲੇ ਸਾਲ ਵਿੱਚ ਹੀ ਰੋਸ ਪ੍ਰਦਰਸ਼ਨਾਂ ਦਾ ਰਿਕਾਰਡ ਕਾਇਮ ਹੋ ਗਿਆ ਹੈ।
ਜੱਥੇਬੰਦੀ ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਸਿੰਘ ਭਵਾਨੀਗੜ੍ਹ, ਬੇਅੰਤ ਫੂਲੇਵਾਲਾ, ਜਗਪਾਲ ਬੰਗੀ, ਜਸਵਿੰਦਰ ਔਜਲਾ ਨੇ ਕਿਹਾ ਕਿ ਸਿੱਖਿਆ ਨੂੰ ਪਹਿਲ ਦੇਣ ਦਾ ਦਾਅਵਾ ਕਰਕੇ ਆਈ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਿੱਥੇ ਟੀਚਿੰਗ ਤੇ ਨਾਨ ਟੀਚਿੰਗ ਕਾਡਰਾਂ ਦੀਆਂ ਤਰੱਕੀਆਂ ਬਿਨਾਂ ਕਾਰਨ ਲਟਕਾਈਆਂ ਹੋਈਆਂ ਹਨ ਉੱਥੇ ਸੀਨੀਅਰਤਾ ਸੂਚੀਆਂ ਅਧੂਰੀਆਂ ਰੱਖੀਆਂ ਹੋਈਆਂ ਹਨ ਜਿਸਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਗ੍ਰਹਿ ਜਿਲ੍ਹਿਆਂ ਤੋਂ ਬਾਹਰ ਨਿਯੁਕਤ ਅਧਿਆਪਕਾਂ ਨੂੰ ਬਦਲੀ ਦਾ ਬਿਨਾਂ ਸ਼ਰਤ ਮੌਕਾ ਦੇਣ, ਸਾਲ 2018 ਦੇ ਸੇਵਾ ਨਿਯਮਾਂ ਤਹਿਤ ਥੋਪੀ ਵਿਭਾਗੀ ਪ੍ਰੀਖਿਆ ਰੱਦ ਕਰਵਾਉਣ, ‘ਸਕੂਲ ਆਫ ਐਮੀਨੈਂਸ’ ਅਤੇ ਪੀ. ਐੱਮ. ਸ੍ਰੀ ਸਕੂਲਾਂ ਦੀ ਥਾਂ ਸਿੱਖਿਆ ਸ਼ਾਸ਼ਤਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਰਾਇ ਅਨੁਸਾਰ ਸਾਰੇ ਸਕੂਲਾਂ ਨੂੰ ਉੱਤਮ ਬਣਾਉਣ, ਪੁਰਸ਼ ਅਧਿਆਪਕਾਂ ਦੀਆਂ ਅਚਨਚੇਤ ਛੁੱਟੀਆਂ ਤੈਅ ਕਰਨ ਲਈ ਠੇਕਾ ਆਧਾਰਿਤ ਸਮੇਂ ਨੂੰ ਵੀ ਆਧਾਰ ਮੰਨੇ ਜਾਣ, ਖਤਮ ਕੀਤੀਆਂ ਪੋਸਟਾਂ ਬਹਾਲ ਕਰਦਿਆਂ ਸਿੰਗਲ ਟੀਚਰ ਪ੍ਰਾਇਮਰੀ ਸਕੂਲਾਂ ‘ਚ ਨਵੇਂ ਅਧਿਆਪਕ ਨਿਯੁਕਤ ਕਰਵਾਉਣ, ਨਵੀਆਂ ਭਰਤੀਆਂ (ਈ.ਟੀ.ਟੀ. 2364, 5994, 6635 ਅਤੇ 4161 ਮਾਸਟਰ ਕਾਡਰ ਤੇ ਲੈਕਚਰਾਰ) ਦੀ ਪ੍ਰਕਿਰਿਆ ਪੂਰੀ ਕਰਵਾਉਣ ਅਤੇ ਸਾਰੇ ਕਾਡਰਾਂ ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਦੇ ਇਸ਼ਤਿਹਾਰ ਜ਼ਾਰੀ ਕਰਵਾਉਣ ਲਈ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਹਰਜਿੰਦਰ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਮਹਿੰਦਰ ਕੌੜਿਆਂਵਾਲੀ, ਰੁਪਿੰਦਰ ਗਿੱਲ ਤੇਜਿੰਦਰ ਸਿੰਘ, ਸੁਖਦੇਵ ਡਾਨਸੀਵਾਲ, ਜਤਿੰਦਰ ਸਿੰਘ ਫਤਿਹਗੜ੍ਹ, ਹਰਬੰਸ ਗਰਗ, ਅਤਿੰਦਰਪਾਲ ਘੱਗਾ, ਲਖਵਿੰਦਰ ਰੁੜਕੀ, ਹਰਵਿੰਦਰ ਅੱਲੂਵਾਲ, ਪ੍ਰਤਾਪ ਸਿੰਘ, ਪਰਮਿੰਦਰ ਮਾਨਸਾ, ਸੁਖਵਿੰਦਰ ਗਿਰ, ਕੇਵਲ ਸਿੰਘ ਮੰਨਵਾਲ, ਵਿਕਰਮਜੀਤ ਮਲੇਰਕੋਟਲਾ, ਗਿਆਨ ਚੰਦ ਅਤੇ ਰਮਨਜੀਤ ਸੰਧੂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਆਗੂ ਅਮਨ ਸ਼ਰਮਾ, ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੇ ਲਖਵਿੰਦਰ ਕੌਰ, ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਦੇ ਪਰਮਜੀਤ ਕੌਰ ਮਾਨ, ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਮਲਾਗਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਮਮਤਾ ਅਜ਼ਾਦ, ਕੰਪਿਊਟਰ ਅਧਿਆਪਕ ਯੂਨੀਅਨ ਦੇ ਮੈਡਮ ਰਾਖੀ, ਨਵਨਿਯੁਕਤ ਅਧਿਆਪਕ ਫਰੰਟ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਨਾਭਾ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਅਤੇ ਜਨਰਲ ਸਕੱਤਰ ਬਲਵੀਰ ਸਿਵੀਆ, ਪੀ ਐੱਸ ਐੱਮ ਐੱਸ ਯੂ ਦੇ ਬਲਵੀਰ ਮਲੂਕਾ, ਮੈਰੀਟੋਰੀਅਸ ਸਕੂਲ ਯੂਨੀਅਨ ਦੇ ਪਰਮਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਨਵੀਂ ਸਿੱਖਿਆ ਨੀਤੀ ਨੂੰ ਵਾਪਸ ਲੈਣ ਤੱਕ ਡੀ ਟੀ ਐੱਫ ਵੱਲੋਂ ਵਿੱਢੇ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news