
ਹੁਸ਼ਿਆਰਪੁਰ 21 ਅਪ੍ਰੈਲ (ਤਰਸੇਮ ਦੀਵਾਨਾ) ਕੋਵਿਡ-19 ਦੇ ਵੱਧਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੀ ਅਗਵਾਈ ਵਿਚ ਮਰੀਜ਼ਾਂ ਲਈ, ਉਹਨਾਂ ਦੀ ਦੇਖਭਾਲ ਕਰਨ ਵਾਲਿਆ ਲਈ, ਘਰੇਲੂ ਦੇਖਭਾਲ ਲਈ ਕੀ ਕਰੋ, ਕੀ ਨਾ ਕਰੋ ਬਾਰੇ ਨਿਯਮਾਂ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਨ੍ਹਾਂ ਨਿਯਮਾਂ ਦੀ ਪਾਲਣ ਕਰਕੇ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਦੌਰਾਨ ਮਾਸ ਮੀਡੀਆ ਵਿੰਗ ਅਤੇ ਨਰਸਿੰਗ ਵਿਦਿਆਰਥਣਾਂ ਵੱਲੋਂ ਲੋਕਾਂ ਨਾਲ ਭਰਪੂਰ ਜਾਣਕਾਰੀਆਂ ਸਾਂਝੀਆ ਕੀਤੀਆਂ ਗਈਆਂ।
ਇਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਮੈਡੀਕਲ ਸਪੈਸ਼ਲਿਸਟ ਡਾ ਸਰਬਜੀਤ ਸਿੰਘ ਨੇ ਕਿਹਾ ਕਿ ਕੋਵਿਡ ਤੋਂ ਬਚਣ ਲਈ ਜਰੂਰੀ ਹੈ ਕਿ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਘਰੋਂ ਬਾਹਰ ਤਾਂ ਹੀ ਨਿਕਲਣਾ ਚਾਹੀਦਾ ਹੈ ਜੇਕਰ ਜਰੂਰੀ ਹੋਵੇ। ਜਿਆਦਾ ਭੀੜ ਭਾੜ ਵਾਲੀ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਨੂੰ ਗਲੇ ਨਾ ਮਿਲੋ। ਜਨਤਕ ਥਾਵਾਂ ਤੇ ਆਮ ਵਰਤੋਂ ਵਾਲੀਆਂ ਵਸਤੂਆਂ ਨੂੰ ਛੂਹਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਸਮੇਂ ਸਮੇਂ ਤੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਦੇਂ ਰਹਿਣਾ ਚਾਹੀਦਾ ਹੈ। ਕੋਵਿਡ ਦੇ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਥਕਾਵਟ, ਸਰੀਰਕ ਦਰਦ, ਦਸਤ, ਨੱਕ ਵਗਣਾ ਅਤੇ ਗਲ੍ਹੇ ਵਿੱਚ ਖਾਰਸ਼ ਆਦਿ ਨਜ਼ਰ ਆਉਣ ਤਾਂ ਤੁਰੰਤ ਨੇੜੇ ਦੀ ਸਰਕਾਰੀ ਸੰਸਥਾ ਵਿੱਚ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਉਹਨਾਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਬੁਖਾਰ, ਵਗਦਾ ਨੱਕ ਅਤੇ ਖੰਘ ਲਈ ਲੱਛਣ ਪ੍ਰਬੰਧਨ ਦੀ ਪਾਲਣਾ ਕਰੋ। ਖਾਂਸੀ ਕਰਦੇ ਜਾਂ ਛਿੱਕਣ ਵੇਲੇ ਨੱਕ ਅਤੇ ਮੂੰਹ ਨੂੰ ਢੱਕ ਕੇ ਰੱਖੋ। ਦਿਨ ਵਿੱਚ ਤਿੰਨ ਵਾਰ ਗਰਮ ਪਾਣੀ ਦੇ ਗਾਰਗਲ ਕਰੋ ਜਾਂ ਭਾਫ਼ ਨਾਲ ਸਾਹ ਲਓ । ਸੋਸ਼ਲ ਮੀਡੀਆ ਰਾਹੀਂ ਗਲਤ ਜਾਣਕਾਰੀ ਫੈਲਾਉਣ ਤੋਂ ਬਚੋ। ਸਵੈ-ਦਵਾਈ, ਖੂਨ ਦੀ ਜਾਂਚ ਜਾਂ ਛਾਤੀ ਦਾ ਐਕਸ-ਰੇ ਜਾਂ ਸੀਟੀ ਸਕੈਨ ਲਈ ਡਾਕਟਰ ਤੋਂ ਸਲਾਹ-ਮਸ਼ਵਰੇ ਬਿਨਾ ਕੋਈ ਜਲਦਬਾਜ਼ੀ ਨਾ ਕਰੋ