
ਦਲਜੀਤ ਕੌਰ-ਸੁਨਾਮ ਊਧਮ ਸਿੰਘ ਵਾਲਾ, 7 ਅਪ੍ਰੈਲ, 2023: ਸਥਾਨਕ ਸਹੀਦ ਊਧਮ ਸਰਕਾਰੀ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਤਹਿਤ ਵਿਦਿਆਰਥੀਆਂ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਹੜਤਾਲ ਨੂੰ ਸਫ਼ਲ ਕਰਨ ਸਬੰਧੀ ਪਿੱਛਲੇ ਕੁਝ ਦਿਨਾਂ ਤੋਂ ਪੂਰੇ ਜੋਰਾਂ ‘ਤੇ ਤਿਆਰੀਆਂ ਚੱਲ ਰਹੀਆਂ ਸਨ। ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ ਆਗੂ ਸੁਖਦੀਪ ਸਿੰਘ ਹਥਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹੁਣ ਸਿੱਖਿਆ ਨੂੰ ਉਂਚ ਘਰਾਣਿਆਂ ਤੱਕ ਹੀ ਸੀਮਿਤ ਰੱਖਣੀ ਚਾਹੁੰਦੀ ਹੈ।
ਗ਼ਰੀਬਾਂ ਨੂੰ ਇਹ ਸਿੱਖਿਆ ਦੇਣ ਦੇ ਹੱਕ ਵਿੱਚ ਨਹੀਂ ਜਦ ਕਿ ਸਿੱਖਿਆ ਹੀ ਇੱਕ ਉਹ ਹਥਿਆਰ ਹੈ ਜਿਸ ਨਾਲ ਅਸੀਂ ਆਪਣੀ ਜਿੰਦਗੀ ਦੀ ਹਰ ਲੜ੍ਹਾਈ ਨੂੰ ਨਜਿੱਠ ਸਕਦੇ ਹਾਂ। ਪ੍ਰੰਤੂ ਇਹ ਨਹੀਂ ਚਾਹੁੰਦੇ ਕਿ ਗ਼ਰੀਬ ਪਰਿਵਾਰਾਂ ਦੇ ਬੱਚੇ ਪੜ੍ਹ ਲਿਖ ਜਾਣ। 1991-92 ਵਿੱਚ ਸਰਕਾਰ 80 ਪ੍ਰਸੈਂਟ ਯੂਨੀਵਰਸਿਟੀ ਦਾ ਖਰਚਾ ਆਪ ਚੁੱਕਦੀ ਸੀ ਅਤੇ 20 ਪ੍ਰਸੈਂਟ ਯੂਨੀਵਰਸਿਟੀ ਵਿਦਿਆਰਥੀਆਂ ਤੋਂ ਇਕੱਠਾ ਕਰਦੀ ਸੀ।ਪਰ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰਾਂ ਯੂਨੀਵਰਸਿਟੀ ਦੀ ਗ੍ਰਾਂਟ ਘਟਾਉਂਦੇ ਹੋਏ ਇਸਨੂੰ ਖਾਤਮੇ ਵੱਲ ਧੱਕਿਆ ਹੈ। 2022-23 ਵਿੱਚ ਯੂਨੀਵਰਸਿਟੀ ਦਾ ਘਾਟਾ 207 ਕਰੋੜ ਸੀ ਤੇ ਇਸੇ 29 ਮਾਰਚ ਨੂੰ ਯੂਨੀਵਰਸਿਟੀ ਵੱਲੋਂ 2023-24 ਦੇ ਪੇਸ਼ ਬਜਟ ਵਿੱਚ ਇਹ ਘਾਟਾ 285 ਕਰੋੜ ਤੱਕ ਪਹੁੰਚ ਗਿਆ ਹੈ। ਇਸ ਤੋਂ ਬਿਨਾਂ ਯੂਨੀਵਰਸਿਟੀ ਉਪਰ 150 ਕਰੋੜ ਦਾ ਕਰਜ਼ਾ ਹੈ।ਇਸ ਸੰਕਟ ਦਾ ਸ਼ਿਕਾਰ ਵਿਦਿਆਰਥੀ ,ਕੱਚੇ ਮੁਲਜ਼ਮ ਸਭ ਤੋਂ ਵੱਧ ਹਨ। ਇਸ ਸੰਕਟ ਦੁ ਘੜੀ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਸਾਂਭਣ ਦੀ ਜ਼ਿੰਮੇਵਾਰੀ ਓਟਣ ਦੀ ਥਾਂ ਇਸਨੂੰ ਖਾਤਮੇ ਵਿੱਚ ਧੱਕ ਰਹੀ ਹੈ।
ਆਗੂਆਂ ਨੇ ਕਿਹਾ ਕਿ ਬੀਤੀ 10 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਸਾਲ 2023-24 ਦੇ ਬਜ਼ਟ ਵਿੱਚ ਉਚੇਰੀ ਸਿੱਖਿਆ ਨੂੰ ਨਿਗੂਣੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਵਧਾਉਣ ਦੀ ਥਾਂ ਇਸ ਵਿਚ 36 ਕਰੋੜ ਦੀ ਕਟੌਤੀ ਕਰ ਦਿੱਤੀ ਗਈ ਹੈ। 29 ਮਾਰਚ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਵਰਸਿਟੀ ਆਕੇ ਸੈਂਕੜੇ ਦੀ ਹਾਜ਼ਰੀ ਸਾਹਮਣੇ ਯੂਨੀਵਰਸਿਟੀ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਜਿਸ ਬਾਰੇ ਸਰਕਾਰ ਹੁਣ ਮੂੰਹੋਂ ਇੱਕ ਸ਼ਬਦ ਨਹੀਂ ਕੱਢ ਰਹੀ।
ਇਸ ਕਾਰਨਾਂ ਕਰਕੇ ਯੂਨੀਵਰਸਿਟੀ ਦੀ ਹਾਲਤ ਗੰਭੀਰ ਬਣ ਚੁੱਕੀ ਹੈ। ਜੇ ਇਹ ਹਾਲਤ ਬਰਕਰਾਰ ਰਹੀਂ ਰਹੀ ਤਾਂ ਯੂਨੀਵਰਸਿਟੀ ਦਾ ਹੋਰ ਕਰਜ਼ਈ ਹੋਕੇ ਡੁੱਬਣਾ ਜਾਂ ਵਿਦਿਆਰਥੀਆਂ ਦੀ ਫੀਸਾਂ ਵਿੱਚ ਕਈ ਗੁਣਾ ਵਾਧਾ ਹੋਣਾ ਤਹਿ ਹੈ। ਫ਼ੀਸਾਂ ਵਿੱਚ ਵਾਧਾ ਨਾਲੇ ਆਮ ਕਿਰਤੀ ਪਰਿਵਾਰਾਂ ਦੇ ਬੱਚਿਆਂ ਤੋਂ ਸਿੱਖਿਆ ਦੂਰ ਹੋ ਜਾਵੇਗੀ। ਇਸ ਮੌਕੇ ਹਰਸ਼ਦੀਪ ਕੌਰ ਨੇ ਕਵਿਤਾ ਪੇਸ਼ ਕੀਤੀ।
ਇਸ ਮੌਕੇ ਸਟੇਜੀ ਕਾਰਵਾਈ ਸੰਦੀਪ ਬਾਂਸਲ ਗੋਬਿੰਦਗੜ੍ਹ ਨੇ ਨਿਭਾਈ ਅਤੇ ਸੰਦੀਪ ਕੌਰ,ਨਵਜੋਤ ਕੌਰ,ਗੁਰਪ੍ਰੀਤ ਕੌਰ ਕਰਨਵੀਰ ਸਿੰਘ,ਹਰਜਿੰਦਰ ਸਿੰਘ,ਗੁਰਪ੍ਰੀਤ ਸਿੰਘ,ਪਰਦੀਪ ਸਿੰਘ,ਨਿਰਮਲ ਸਿੰਘ ਹਾਜ਼ਰ ਸਨ।