
ਕਰਨਾਟਕ ’ਚ ਕਾਂਗਰਸ ਆਪਣੇ ਪੱਧਰ ’ਤੇ ਬਹੁਮਤ ਹਾਸਲ ਕਰਕੇ 10 ਸਾਲਾਂ ਮਗਰੋਂ ਸੂਬੇ ਦੀ ਸੱਤਾ ਹਾਸਲ ਕਰਨ ’ਚ ਕਾਮਯਾਬ ਰਹੀ ਹੈ। ਕਾਂਗਰਸ ਨੇ ਦੱਖਣ ’ਚ ਭਾਜਪਾ ਦੇ ਇਕਲੌਤੇ ਕਿਲ੍ਹੇ ਨੂੰ ਢਾਹ ਲਗਾਉਂਦਿਆਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਿੜ ਮਘਾ ਦਿੱਤਾ ਹੈ। ਕਰਨਾਟਕ ਵਿਧਾਨ ਸਭਾ ਲਈ 10 ਮਈ ਨੂੰ ਪਈਆਂ ਵੋਟਾਂ ਦੀ ਅੱਜ ਜਦੋਂ ਗਿਣਤੀ ਸ਼ੁਰੂ ਹੋਈ ਤਾਂ ਮੁੱਢਲੇ ਰੁਝਾਨਾਂ ਨੇ ਕਈ ਚੋਣ ਸਰਵੇਖਣਾਂ ਵੱਲੋਂ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਦੇ ਦਾਅਵਿਆਂ ਨੂੰ ਝੁਠਲਾ ਦਿੱਤਾ। ਭਾਜਪਾ ਨੂੰ ਪਿਛਲੇ ਸਾਲ ਦਸੰਬਰ ’ਚ ਹਿਮਾਚਲ ਪ੍ਰਦੇਸ਼ ਮਗਰੋਂ ਇਹ ਦੂਜੀ ਵੱਡੀ ਹਾਰ ਮਿਲੀ ਹੈ। ਕਾਂਗਰਸ ਨੇ ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ’ਚੋਂ 137 ’ਤੇ ਜਿੱਤ ਹਾਸਲ ਕੀਤੀ ਹੈ ਜੋ ਬਹੁਮਤ ਲਈ ਲੋੜੀਂਦੀਆਂ 113 ਸੀਟਾਂ ਤੋਂ ਕਿਤੇ ਜ਼ਿਆਦਾ ਹਨ। ਭਾਜਪਾ ਨੂੰ 64 ਸੀਟਾਂ ਨਾਲ ਸਬਰ ਕਰਨਾ ਪਿਆ ਜੋ 2018 ’ਚ ਮਿਲੀਆਂ 104 ਸੀਟਾਂ ਤੋਂ ਬਹੁਤ ਘੱਟ ਹਨ। ਕਿੰਗਮੇਕਰ ਬਣਨ ਦੀ ਆਸ ਰੱਖੀ ਬੈਠੀ ਜਨਤਾ ਦਲ (ਐੱਸ) ਨੂੰ 20 ਸੀਟਾਂ ਹੀ ਨਸੀਬ ਹੋਈਆਂ। ਪਿਛਲੀਆਂ ਚੋਣਾਂ ’ਚ ਉਸ ਨੇ 37 ਸੀਟਾਂ ਹਾਸਲ ਕੀਤੀਆਂ ਸਨ। -ਪੀਟੀਆਈ