ਕਦੇ 17 ਸਾਲ ਦੀ ਉਮਰ ’ਚ ਅਪਣੇ ਪਿਤਾ ਰਾਜੀਵ ਗਾਂਧੀ ਨਾਲ ਚੋਣ ਪ੍ਰਚਾਰ ’ਚ ਸ਼ਾਮਲ ਹੋਣ ਅਤੇ ਕਈ ਮੌਕਿਆਂ ’ਤੇ ਸੰਸਦ ’ਚ ਦਰਸ਼ਕਾਂ ਦੀ ਗੈਲਰੀ ’ਚ ਅਪਣੇ ਪਿਤਾ, ਮਾਤਾ ਅਤੇ ਭਰਾ ਦੇ ਭਾਸ਼ਣਾਂ ਦੀ ਗਵਾਹ ਬਣੀ ਪ੍ਰਿਯੰਕਾ ਗਾਂਧੀ ਵਾਡਰਾ ਸਨਿਚਰਵਾਰ ਨੂੰ ਖ਼ੁਦ ਲੋਕ ਸਭਾ ਲਈ ਚੁਣੇ ਗਏ ਹਨ।
ਕੇਰਲ ਦੇ ਵਾਇਨਾਡ ਤੋਂ ਪ੍ਰਿਯੰਕਾ ਦੇ ਚੁਣੇ ਜਾਣ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਗਾਂਧੀ-ਨਹਿਰੂ ਪਰਵਾਰ ਦੇ ਸੰਸਦ ’ਚ ਤਿੰਨ ਮੈਂਬਰ ਹੋਣਗੇ। ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਨ ਅਤੇ ਮਾਂ ਸੋਨੀਆ ਗਾਂਧੀ ਰਾਜ ਸਭਾ ਦੀ ਮੈਂਬਰ ਹਨ। ਉਸ ਨੇ ਵਾਇਨਾਡ ਤੋਂ ਚਾਰ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਨੇ ਇਹ ਸੀਟ 3.64 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ।
ਪ੍ਰਿਯੰਕਾ ਗਾਂਧੀ ਪਹਿਲੀ ਵਾਰ ਸਦਨ ਦੀ ਮੈਂਬਰ ਬਣੇ ਹਨ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮ ਸਿਆਸਤ ’ਚ ਕਦਮ ਰੱਖਿਆ ਸੀ। ਉਦੋਂ ਤੋਂ ਉਹ ਪਾਰਟੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਲੋਕ ਸਭਾ ਚੋਣਾਂ ਤੋਂ ਕੁੱਝ ਦਿਨ ਬਾਅਦ ਜੂਨ ’ਚ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੰਸਦੀ ਸੀਟ ਅਪਣੇ ਕੋਲ ਰਖਣਗੇ ਅਤੇ ਕੇਰਲ ਦੀ ਵਾਇਨਾਡ ਸੀਟ ਖਾਲੀ ਕਰਨਗੇ, ਜਿੱਥੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਚੋਣ ਪਾਰੀ ਦੀ ਸ਼ੁਰੂਆਤ ਕਰੇਗੀ। ਇਸ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੇ ਰਾਏਬਰੇਲੀ ਅਤੇ ਅਮੇਠੀ ’ਚ ਕਾਂਗਰਸ ਦੀ ਜਿੱਤ ’ਚ ਵੱਡੀ ਭੂਮਿਕਾ ਨਿਭਾਈ।
ਵਾਇਨਾਡ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਜਦੋਂ ਪ੍ਰਿਯੰਕਾ ਚੋਣ ਪ੍ਰਚਾਰ ’ਚ ਉਤਰੀ ਤਾਂ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਰਾਜਨੀਤੀ ’ਚ ਤਜਰਬੇ ਦੀ ਕਮੀ ਕਾਰਨ ਘੇਰ ਲਿਆ। ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ 1989 ’ਚ ਅਪਣੇ ਪਿਤਾ ਰਾਜੀਵ ਗਾਂਧੀ ਨਾਲ 17 ਸਾਲ ਦੀ ਉਮਰ ’ਚ ਪਹਿਲੀ ਚੋਣ ਮੁਹਿੰਮ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕੋਲ ਸਿਆਸਤ ’ਚ 35 ਸਾਲ ਦਾ ਤਜਰਬਾ ਹੈ।
ਅਪਣੀ ਦਾਦੀ ਇੰਦਰਾ ਗਾਂਧੀ, ਮਾਂ ਸੋਨੀਆ ਗਾਂਧੀ ਅਤੇ ਭਰਾ ਰਾਹੁਲ ਗਾਂਧੀ ਤੋਂ ਬਾਅਦ, ਉਹ ਸੰਸਦ ’ਚ ਦਖਣੀ ਭਾਰਤ ਦੇ ਕਿਸੇ ਖੇਤਰ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ।
ਪ੍ਰਿਯੰਕਾ ਗਾਂਧੀ ਨੇ 1999 ’ਚ ਅਪਣੀ ਮਾਂ ਸੋਨੀਆ ਗਾਂਧੀ ਲਈ ਪ੍ਰਚਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਸਿਆਸੀ ਮੰਚ ਤੋਂ ਭਾਜਪਾ ਉਮੀਦਵਾਰ ਅਰੁਣ ਨਹਿਰੂ ਦੇ ਵਿਰੁਧ ਪ੍ਰਚਾਰ ਕੀਤਾ। ਪਰ ਇਨ੍ਹਾਂ 25 ਸਾਲਾਂ ’ਚ ਅਜਿਹਾ ਕਦੇ ਨਹੀਂ ਹੋਇਆ ਜਦੋਂ ਪ੍ਰਿਯੰਕਾ ਗਾਂਧੀ ਨੇ ਚੋਣ ਲੜੀ ਹੋਵੇ। ਕਾਂਗਰਸ ਸਮਰਥਕ ਪ੍ਰਿਯੰਕਾ ਗਾਂਧੀ ’ਚ ਇੰਦਰਾ ਗਾਂਧੀ ਦਾ ਚਿਹਰਾ ਵੇਖਦੇ ਹਨ ਅਤੇ ਉਹ ਲੰਮੇ ਸਮੇਂ ਤੋਂ ਉਨ੍ਹਾਂ ਦੇ ਚੋਣ ਸਿਆਸਤ ’ਚ ਦਾਖਲ ਹੋਣ ਦੀ ਉਮੀਦ ਕਰ ਰਹੇ ਸਨ।
ਉਹ ਅਪਣੀ ਸਿਆਸੀ ਸੂਝ-ਬੂਝ ਅਤੇ ਸੋਚ-ਸਮਝ ਕੇ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਦਸੰਬਰ 2022 ’ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਚਾਰਜ ਸੰਭਾਲਿਆ ਸੀ ਅਤੇ ਜ਼ੋਰਦਾਰ ਪ੍ਰਚਾਰ ਕੀਤਾ ਸੀ। ਇਸ ਪਹਾੜੀ ਸੂਬੇ ’ਚ ਕਾਂਗਰਸ ਦੀ ਸਰਕਾਰ ਬਣੀ ਸੀ।
ਪ੍ਰਿਯੰਕਾ ਗਾਂਧੀ ਕਈ ਮੌਕਿਆਂ ’ਤੇ ਕਾਂਗਰਸ ਲਈ ਸੰਕਟ ਨਿਵਾਰਕ ਦੀ ਭੂਮਿਕਾ ਵੀ ਨਿਭਾਉਂਦੀ ਰਹੀ ਹੈ। ਉਸ ਨੇ ਰਾਜਸਥਾਨ ’ਚ ਸਚਿਨ ਪਾਇਲਟ ਦੇ ਬਗਾਵਤੀ ਸਟੈਂਡ ਲੈਣ ਤੋਂ ਬਾਅਦ ਪੈਦਾ ਹੋਏ ਸਿਆਸੀ ਸੰਕਟ ਨੂੰ ਹੱਲ ਕਰਨ ’ਚ ਸਰਗਰਮ ਭੂਮਿਕਾ ਨਿਭਾਈ। (ਪੀਟੀਆਈ)