ਵਾਸ਼ਿੰਗਟਨ, 11 ਮਈ//ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਹਥਿਆਰਾਂ ਦੀ ਵਰਤੋਂ ਕੌਮਾਂਤਰੀ ਕਾਨੂੰਨ ਦੀ ਸੰਭਾਵਿਤ ਉਲੰਘਣਾ ਹੋ ਸਕਦੀ ਹੈ ਪਰ ਚੱਲ ਰਹੇ ਯੁੱਧ ਕਾਰਨ ਅਮਰੀਕੀ ਅਧਿਕਾਰੀਆਂ ਕੋਲ ਹਾਲੇ ਇਸ ਦੇ ਪੂਰੇ ਸਬੂਤ ਨਹੀਂ ਹਨ। ਅਮਰੀਕਾ ਦੇ ਸਹਿਯੋਗੀ ਮੁਲਕ ਵੱਲੋਂ ਗਾਜ਼ਾ ਵਿੱਚ ਜੰਗ ਛੇੜ ਕੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ‘ਵਾਜਬ’ ਸਬੂਤਾਂ ਵਾਲੀ ਰਿਪੋਰਟ ਅਮਰੀਕੀ ਸੰਸਦ ਵਿੱਚ ਪੇਸ਼ ਕੀਤੀ ਜਾਣੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਜ਼ਰਾਈਲ ਖ਼ਿਲਾਫ਼ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਸਖ਼ਤ ਟਿੱਪਣੀ ਮੰਨੀ ਜਾ ਰਹੀ ਹੈ।