
ਨਵੀਂ ਦਿੱਲੀ, 3 ਫਰਵਰੀ//ਸੁਪਰੀਮ ਕੋਰਟ ਵੱਲੋਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਜੇਕਰ ਸਿਖਰਲੀ ਅਦਾਲਤ ਉਨ੍ਹਾਂ ਦੀ ਗੱਲ ਨਹੀਂ ਸੁਣੇਗੀ ਤਾਂ ਉਹ ਕਿੱਥੇ ਜਾਣਗੇ। ਉਨ੍ਹਾਂ ਸਿਖਰਲੀ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਤੈਅ ਕਰੇ ਕਿ ਲੋਕਾਂ ਨੂੰ ਅਦਾਲਤ ਕੋਲ ਕਦੋਂ ਆਉਣਾ ਚਾਹੀਦਾ ਹੈ। ਸਿੱਬਲ ਨੇ ਦੋਸ਼ ਲਾਇਆ ਕਿ ਸੋਰੇਨ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਵਿਰੋਧੀ ਧਿਰ ਦਾ ਕੋਈ ਵੀ ਮੁੱਖ ਮੰਤਰੀ ਨਾ ਰਹੇ ਅਤੇ ਹਰੇਕ ਥਾਂ ਡਬਲ ਇੰਜਣ ਦੀ ਸਰਕਾਰ ਹੋਵੇ। -ਪੀਟੀਆਈ