
ਕੋਲਕਾਤਾ, 22 ਅਕਤੂਬਰ/ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ’ਤੇ ਲਗਾਏ ਗਏ ਗੰਭੀਰ ਦੋਸ਼ਾਂ ’ਤੇ ਅੱਜ ਟੀਐੱਮਸੀ ਨੇ ਆਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਸੰਸਦ ਦੇ ਉਚਿਤ ਪਲੈਟਫਾਰਮ ਕੋਲੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ, ਜਿਸ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ ਇਸ ਸਬੰਧ ਵਿੱਚ ਫੈਸਲਾ ਲਵੇਗੀ। ਰਾਜ ਸਭਾ ਵਿੱਚ ਟੀਐੱਮਸੀ ਦੇ ਆਗੂ ਡੈਰੇਕ ਓ ਬਰਾਇਨ ਨੇ ਕਿਹਾ, ‘‘ਅਸੀਂ ਮੀਡੀਆ ਵਿੱਚ ਆਈਆਂ ਖ਼ਬਰਾਂ ਦੇਖੀਆਂ ਹਨ। ਪਾਰਟੀ ਦੀ ਲੀਡਰਸ਼ਿਪ ਵੱਲੋਂ ਸਬੰਧਤ ਮੈਂਬਰ ਨੂੰ ਆਪਣੇ ਉੱਪਰ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਸਥਿਤੀ ਸਪੱਸ਼ਟ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਉਹ ਪਹਿਲਾਂ ਹੀ ਅਜਿਹਾ ਕਰ ਚੁੱਕੀ ਹੈ।’’ ਉਨ੍ਹਾਂ ਕਿਹਾ, ‘‘ਕਿਉਂਕਿ, ਇਹ ਮਾਮਲਾ ਇਕ ਚੁਣੀ ਹੋਈ ਸੰਸਦ ਮੈਂਬਰ, ਉਸ ਦੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ, ਇਸ ਵਾਸਤੇ ਇਸ ਮਾਮਲੇ ਦੀ ਜਾਂਚ ਸੰਸਦ ਦੇ ਉਚਿਤ ਪਲੈਟਫਾਰਮ ਕੋਲੋਂ ਕਰਵਾਈ ਜਾਵੇ, ਜਿਸ ਮਗਰੋਂ ਪਾਰਟੀ ਦੀ ਲੀਡਰਸ਼ਿਪ ਫੈਸਲਾ ਲਵੇਗੀ।’’ -ਪੀਟੀਆਈ