November 22, 2025 9:01 am

ਲੋਕ ਸਭਾ ਚੋਣਾਂ ਇਕਜੁਟ ਹੋ ਕੇ ਲੜੇਗਾ ‘ਇੰਡੀਆ’ ਗਠਜੋੜ; ਸੀਟਾਂ ’ਤੇ ਤਾਲਮੇਲ ਛੇਤੀ ਕਰਨ ਦਾ ਐਲਾਨ

Share:

ਮੁੰਬਈ: ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਕਰਵਾਰ ਨੂੰ ਇਕ ਅਹਿਮ ਫੈਸਲਾ ਕੀਤਾ ਅਤੇ ਇਕਜੁਟ ਹੋ ਕੇ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ। ਗਠਜੋੜ ਨੇ ਇਹ ਵੀ ਕਿਹਾ ਕਿ ਸੀਟਾਂ ਦੀ ਵੰਡ ਬਹੁਤ ਜਲਦੀ ਕਰ ਲਈ ਜਾਵੇਗੀ।

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸੰਕੇਤ ਦਿਤਾ ਕਿ ਇਸ ਮੋਰਚੇ ਵਲੋਂ ਕੋਈ ਇਕ ਵੀ ਨੇਤਾ ਚਿਹਰਾ ਨਹੀਂ ਹੋਵੇਗਾ, ਬਲਕਿ ਘੱਟੋ ਚੋਣ ਸਾਂਝੇ ਘੱਟੋ-ਘੱਟ ਪ੍ਰੋਗਰਾਮ (ਸੀ.ਐਮ.ਪੀ.) ਨੂੰ ਅੱਗੇ ਰੱਖ ਕੇ ਲੜੀ ਜਾਵੇਗੀ। ਮੁੰਬਈ ਦੇ ਇਕ ਪੰਜ ਤਾਰਾ ਹੋਟਲ ’ਚ 28 ਪਾਰਟੀਆਂ ਦੇ 63 ਨੁਮਾਇੰਦਿਆਂ ਦੇ ਦੋ ਦਿਨਾਂ ਵਿਚਾਰ-ਵਟਾਂਦਰੇ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਅਪਣੇ ਗਠਜੋੜ ਲਈ 14 ਮੈਂਬਰੀ ਤਾਲਮੇਲ ਕਮੇਟੀ, 19 ਮੈਂਬਰੀ ਚੋਣ ਪ੍ਰਚਾਰ ਕਮੇਟੀ, 12 ਮੈਂਬਰੀ ਵਰਕ ਗਰੁੱਪ, ਸੋਸ਼ਲ ਮੀਡੀਆ ਲਈ 19 ਮੈਂਬਰੀ ਵਰਕ ਗਰੁੱਪ ਅਤੇ ਖੋਜ ਲਈ ਇਕ 11-ਮੈਂਬਰੀ ਸਮੂਹ ਦਾ ਗਠਨ ਕੀਤਾ।

ਤਾਲਮੇਲ ਕਮੇਟੀ ਹੀ ਗਠਜੋੜ ਦੀ ਸਿਖਰਲੀ ਇਕਾਈ ਵਜੋਂ ਕੰਮ ਕਰੇਗੀ। ਇਸ ਕਮੇਟੀ ’ਚ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਡੀ.ਐੱਮ.ਕੇ. ਦੇ ਨੇਤਾ ਟੀ.ਆਰ. ਬਾਲੂ, ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ, ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ, ਭਾਰਤੀ ਕਮਿਊਨਿਸਟ ਪਾਰਟੀ ਦੇ ਡੀ. ਰਾਜਾ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮਹਿਬੂਬਾ ਮੁਫਤੀ ਸ਼ਾਮਲ ਹਨ।

ਇਸ ’ਚ ਜਨਤਾ ਦਲ ਯੂਨਾਈਟਿਡ ਦੇ ਪ੍ਰਧਾਨ ਲੱਲਨ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜਾਵੇਦ ਅਲੀ ਖਾਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੀ.ਪੀ.ਆਈ. (ਐਮ) ਦਾ ਇਕ ਆਗੂ ਬਾਅਦ ’ਚ ਇਸ ਕਮੇਟੀ ’ਚ ਸ਼ਾਮਲ ਹੋਵੇਗਾ। ਦੂਜੇ ਦਿਨ ਦੀ ਰਸਮੀ ਬੈਠਕ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਦੇ ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਸਟਾਲਿਨ, ਜਨਤਾ ਦਲ (ਯੂਨਾਈਟਿਡ) ਦੇ ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਐਨ.ਸੀ.ਪੀ. ਆਗੂ ਸ਼ਰਦ ਪਵਾਰ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਹਾਜ਼ਰ ਸਨ।

ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਸਰਕਾਰ ਦੀ ਤਾਨਾਸ਼ਾਹੀ ਅਤੇ ‘ਦੋਸਤ ਪਰਿਵਾਰਵਾਦ’ ਵਿਰੁਧ ਲੜਨਗੀਆਂ। ਵਿਰੋਧੀ ਗਠਜੋੜ ‘ਇੰਡੀਆ’ ਦੀ ਬੈਠਕ ਤੋਂ ਬਾਅਦ ਠਾਕਰੇ ਨੇ ਕਿਹਾ, ‘‘ਅੱਜ ਗਠਜੋੜ ਦੀ ਤੀਜੀ ਬੈਠਕ ਹੋਈ। ‘ਇੰਡੀਆ’ ਦਿਨੋਂ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ।’’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮੀਟਿੰਗ ’ਚ ਸ਼ਾਮਲ ਹੋਣ ਵਾਲੇ ਆਗੂ 60 ਫੀ ਸਦੀ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ ਅਤੇ ਜੇਕਰ ਉਹ ਇਕਜੁਟ ਹੋ ਕੇ ਚੋਣਾਂ ਲੜਦੇ ਹਨ ਤਾਂ ਭਾਰਤੀ ਜਨਤਾ ਪਾਰਟੀ ਲਈ ਜਿੱਤਣਾ ਅਸੰਭਵ ਹੋਵੇਗਾ।

ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਵਿਰੋਧੀ ਗਠਜੋੜ ਭਾਜਪਾ ਨੂੰ ਆਸਾਨੀ ਨਾਲ ਹਰਾ ਦੇਵੇਗਾ। ਡੀ.ਐਮ.ਕੇ. ਪ੍ਰਧਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸ਼ੁਕਰਵਾਰ ਨੂੰ ਵਿਰੋਧੀ ਗਠਜੋੜ ‘ਇੰਡੀਆ’ ਦੇ ਭਾਈਵਾਲਾਂ ਨੂੰ ਤੁਰਤ ਇਕ ਸਾਂਝਾ ਘੱਟੋ-ਘੱਟ ਪ੍ਰੋਗਰਾਮ (ਸੀ.ਐਮ.ਪੀ.) ਤਿਆਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਗਠਜੋੜ ਦਾ ਚਿਹਰਾ ਹੋਵੇਗਾ। ਉਨ੍ਹਾਂ ਕਿਹਾ, ‘‘ਇਹ (ਸੀ.ਐਮ.ਪੀ.) ਵਿਰੋਧੀ ਗਠਜੋੜ ‘ਇੰਡੀਆ’ ਦਾ ਚਿਹਰਾ ਹੋਵੇਗਾ। ਭਾਜਪਾ ਸਰਕਾਰ ਨੇ ਦੇਸ਼ ਨੂੰ ਕਈ ਤਰ੍ਹਾਂ ਨਾਲ ਬਰਬਾਦ ਕੀਤਾ ਹੈ। ਇਹ (ਸੀ.ਐਮ.ਪੀ.) ਲੋਕਾਂ ਦੇ ਸਾਹਮਣੇ ਇਕ ਬਲੂਪ੍ਰਿੰਟ ਪੇਸ਼ ਕਰੇ ਕਿ ਬਦਲਾਅ ਲਈ ਸਾਡੀ ਯੋਜਨਾ ਕੀ ਹੈ।

ਆਉਣ ਵਾਲੇ ਦਿਨਾਂ ’ਚ ‘ਇੰਡੀਆ’ ਦੇ ਹਲਕਾ ਇੰਚਾਰਜ ਵੀ ਵੱਖ-ਵੱਖ ਥਾਵਾਂ ’ਤੇ ਜਨਤਕ ਮੀਟਿੰਗਾਂ ਕਰਨਗੇ। ਵਿਰੋਧੀ ਗਠਜੋੜ ਦੀ ਇਹ ਤੀਜੀ ਮੀਟਿੰਗ ਸੀ। ਪਹਿਲੀ ਮੀਟਿੰਗ ਜੂਨ ’ਚ ਪਟਨਾ ’ਚ ਹੋਈ ਸੀ, ਜਦੋਂ ਕਿ ਦੂਜੀ ਮੀਟਿੰਗ ਜੁਲਾਈ ’ਚ ਬੈਂਗਲੁਰੂ ’ਚ ਹੋਈ ਸੀ, ਜਿੱਥੇ ਇਸ ਨੂੰ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦਾ ਨਾਂ ਦਿਤਾ ਗਿਆ ਸੀ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news