November 22, 2025 10:49 am

ਭੂਮੀ ਅਤੇ ਜਲ ਸੰਭਾਲ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਦੇ ਸੋਧੇ ਪਾਣੀ ਦੀ ਸਿੰਚਾਈ ਲਈ ਵਰਤੋਂ ਦੇ ਪ੍ਰੋਜੈਕਟ ਦਾ ਉਦਘਾਟਨ

Share:

ਦਲਜੀਤ ਕੌਰ/ਭਵਾਨੀਗੜ੍ਹ/ਸੰਗਰੂਰ, 10 ਅਗਸਤ, 2023: ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਚਹਿਲਾਂ ਪੱਤੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੋਧੇ ਪਾਣੀ ਨਾਲ ਖੇਤਾਂ ਦੀ ਸਿੰਚਾਈ ਲਈ ਵਰਤੋਂ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਤਕਰੀਬਨ 1 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹਿਆ ਗਿਆ ਆਪਣੀ ਕਿਸਮ ਦਾ ਵਿਭਾਗ ਦਾ ਇਹ 58ਵਾਂ ਪ੍ਰੋਜੈਕਟ ਹੈ ਅਤੇ ਇਸ ਨੂੰ ਪੂਰਾ ਕਰਵਾਉਣ ਲਈ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਲਗਭਗ 1,000 ਏਕੜ ਰਕਬੇ ਉੱਪਰ ਖੇਤੀਬਾੜੀ ਲਈ ਸੀਵਰੇਜ ਦੇ ਸੋਧੇ ਹੋਏ ਪਾਣੀ ਦੀ ਵਰਤੋਂ ਕੀਤੀ ਜਾ ਸਕੇਗੀ ਜਿਸ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਵੱਡੀ ਮਦਦ ਮਿਲੇਗੀ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਨੂੰ ਰੋਕਣ ਲਈ ਇਸ ਤਰ੍ਹਾਂ ਦੇ ਬਦਲਵੇਂ ਸਿੰਚਾਈ ਸਰੋਤਾਂ ਨੂੰ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਲਈ ਮਾਨ ਸਰਕਾਰ ਇਸ ਪ੍ਰੋਗਰਾਮ ਨੂੰ ਵੱਡੇ ਪੱਧਰ ਤੇ ਤਰਜੀਹ ਦੇ ਰਹੀ ਹੈ ਅਤੇ ਜਲਦ ਹੀ ਸੋਧੇ ਪਾਣੀ ਦੀ ਖੇਤਾਂ ਦੀ ਸਿੰਚਾਈ ਲਈ ਵਰਤੋਂ ਨੂੰ ਮੌਜੂਦਾ 30,000 ਏਕੜ ਰਕਬੇ ਤੋਂ 60,000 ਏਕੜ ਤੱਕ ਲੈ ਕੇ ਜਾਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਸੋਧੇ ਪਾਣੀ ਦੀ ਸਿੰਚਾਈ ਲਈ ਵਰਤੋਂ ਨਾਲ ਨਾ ਕੇਵਲ ਜ਼ਮੀਨ ਹੇਠਲੇ ਪਾਣੀ ਦਾ ਸ਼ੋਸ਼ਣ ਘਟੇਗਾ ਸਗੋਂ ਕੁਦਰਤੀ ਖਾਦ ਪਦਾਰਥਾਂ ਨਾਲ ਭਰਪੂਰ ਹੋਣ ਕਾਰਨ ਖੇਤੀ ਲਈ ਯੂਰੀਆ ਵਰਗੀਆਂ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘਟੇਗੀ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਵਾਂਗ ਇਹ ਪ੍ਰੋਜੈਕਟ ਅੱਜ ਵੀ ਅਣਗੌਲੇ ਰਹਿ ਜਾਂਦੇ ਤਾਂ ਇਹ ਸੋਧਿਆ ਪਾਣੀ ਨਾਲਿਆਂ ਵਿਚ ਅਜਾਈਂ ਜਾਣਾ ਸੀ ਪਰ ਹੁਣ ਇਹ ਨਾ ਕੇਵਲ ਵਾਹੀਯੋਗ ਜ਼ਮੀਨਾਂ ਨੂੰ ਸਿੰਚਾਈ ਪ੍ਰਦਾਨ ਕਰੇਗਾ ਸਗੋਂ ਸਾਲ ਦੇ 365 ਦਿਨ ਕਮਾਂਡ ਰਕਬੇ ਵਿਚ ਸੋਕੇ ਵਰਗੇ ਹਾਲਾਤਾਂ ਦੌਰਾਨ ਵੀ ਉਪਲੱਬਧ ਰਹੇਗਾ। ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਵਿਓਂਤਬੰਦੀ ਅਤੇ ਅਮਲ ਵਿਚ ਸਹਿਯੋਗ ਦੇਣ ਲਈ ਪਿੰਡ ਭਵਾਨੀਗੜ੍ਹ ਅਤੇ ਕਾਕੜਾ ਦੇ ਕਿਸਾਨ ਭਾਈਚਾਰੇ ਦਾ ਧੰਨਵਾਦ ਵੀ ਕੀਤਾ।
ਮੀਤ ਹੇਅਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੀਵਰੇਜ ਦੇ ਸੋਧੇ ਹੋਏ ਪਾਣੀ ਦੇ ਨਾਲ-ਨਾਲ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਬਹੁਤ ਵੱਡੇ ਪੱਧਰ ਉੱਪਰ ਕੰਮ ਕੀਤਾ ਹੈ ਜਿਸ ਸਦਕਾ ਬਹੁਤ ਸਾਰੀਆਂ ਥਾਵਾਂ ਉੱਪਰ ਲਗਭਗ 40 ਸਾਲ ਬਾਅਦ ਨਹਿਰੀ ਪਾਣੀ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਨਹਿਰਾਂ ਪਿਛਲੇ ਸਮੇਂ ਲਗਭਗ ਅੱਧੇ ਪਾਣੀ ਤੱਕ ਚੱਲਦੀਆਂ ਸਨ, ਨੂੰ ਹੁਣ ਪੂਰੀ 100 ਫੀਸਦ ਸਮਰੱਥਾ ਨਾਲ ਚਲਾਇਆ ਜਾ ਰਿਹਾ ਹੈ ਤਾਂ ਜੋ ਟੇਲਾਂ ਤੱਕ ਵੀ ਸਿੰਚਾਈ ਲਈ ਨਹਿਰੀ ਪਾਣੀ ਪਹੁੰਚਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ 15 ਅਪ੍ਰੈਲ 2023 ਨੂੰ ਰੱਖਿਆ ਗਿਆ ਸੀ ਜਿਸਨੂੰ ਮਹਿਜ਼ ਚਾਰ ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਕਰਕੇ ਲੋਕਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਇਸ ਮੌਕੇ ਮੁੱਖ ਭੂਮੀ ਪਾਲ ਪੰਜਾਬ ਮਹਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਹ ਪ੍ਰੋਜੈਕਟ 6 ਕਿਲੋਮੀਟਰ ਤੋਂ ਵੱਧ ਲੰਬੀ ਪਾਈਪਲਾਈਨ ਵਿਛਾ ਕੇ ਮੁਕੰਮਲ ਕੀਤਾ ਗਿਆ ਹੈ ਜਿਸ ਨਾਲ 45 ਕਿਸਾਨ ਪਰਿਵਾਰਾਂ, ਜਿਨ੍ਹਾਂ ਵਿਚ 24 ਛੋਟੇ ਕਿਸਾਨ ਸ਼ਾਮਲ ਹਨ, ਦੇ 330 ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ । ਉਨ੍ਹਾਂ ਸਿੰਚਾਈ ਦੀਆਂ ਕੁਸ਼ਲ ਤਕਨੀਕਾਂ ਅਪਨਾਉਣ ਲਈ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਤਰਫ਼ੋਂ ਆਪ ਆਗੂ ਮਨਦੀਪ ਸਿੰਘ ਲੱਖੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਪਾਣੀ ਤੇ ਨਿਰਭਰ ਹੈ ਅਤੇ ਮਾਨ ਸਰਕਾਰ ਨੇ ਨਹਿਰੀ ਪਾਣੀ ਨੂੰ ਕਿਸਾਨਾਂ ਤਕ ਪੁੱਜਦਾ ਕਰਕੇ ਅਸੰਭਵ ਨੂੰ ਸੰਭਵ ਕਰ ਵਿਖਾਇਆ ਹੈ। ਇਸ ਮੌਕੇ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਐਸ.ਡੀ.ਐਮ. ਭਵਾਨੀਗੜ੍ਹ ਵਿਨੀਤ ਕੁਮਾਰ ਵੀ ਹਾਜ਼ਰ ਸਨ ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news