
ਦਲਜੀਤ ਕੌਰ/ਤਪਾ, 8 ਅਗਸਤ, 2023: ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ‘ਆਈ ਫਲੂ’ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਲੋਕ ਹਿੱਤ ਵਿੱਚ ਲੋੜੀਂਦੀਆਂ ਸਾਵਧਾਨੀਆਂ ਬਾਰੇ ਸਿਹਤ ਵਿਭਾਗ ਤਪਾ ਵੱਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਸਕੇ। ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਵਿੱਚ ਅੱਜ ਜਵਾਹਰ ਨਿਵੋਦਿਆ ਵਿਦਿਆਲਿਆ ਢਿੱਲਵਾਂ ਵਿਖੇ ਕੰਨਜਕਟਿਵਾਇਟਸ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।
ਬੱਚਿਆਂ ਨੂੰ ਸੰਬੋਧਨ ਕਰਦਿਆਂ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਤੇ ਐਸ.ਆਈ ਰਣਜੀਵ ਕੁਮਾਰ ਨੇ ਕਿਹਾ ਕਿ ਇਸ ਮੌਸਮ ਵਿੱਚ ਆਮ ਤੌਰ ‘ਤੇ ਅੱਖਾਂ ਵਿੱਚ ਇੰਫੈਕਸ਼ਨ ਦੇ ਕੇਸ ਜਿਆਦਾ ਪਾਏ ਜਾਂਦੇ ਹਨ ਜਿਸ ਸਬੰਧੀ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅੱਖਾਂ ਦੇ ਫਲੂ ਜਿਸਨੂੰ ਕੰਨਜਕਟਿਵਾਇਟਸ ਵੀ ਕਿਹਾ ਜਾਂਦਾ ਹੈ, ਪ੍ਰਤੀ ਸੁਚੇਤ ਹੋਣਾ ਜਰੂਰੀ ਹੈ। ਅੱਖਾਂ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇੰਨਫੈਕਸ਼ਨ ਨਾਲ ਆਈ ਲਾਲੀ ਲਾਗ ਦੀ ਬਿਮਾਰੀ ਦੀ ਨਿਸ਼ਾਨੀ ਹੈ ਜਿਸ ਨੂੰ ਫਲੂ ਵੀ ਕਿਹਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅੱਖਾਂ ਵਿੱਚ ਕਿਸੇ ਵੀ ਤਰਾਂ ਦੀ ਇਨਫੈਕਸ਼ਨ ਹੋਣ ‘ਤੇ ਸਵੈ-ਦਵਾਈ ਜਾਂ ਘਰੇਲੂ ਉਪਚਾਰਾਂ ਤੋਂ ਬਚਣ ਦੀ ਥਾਂ ਤੇ ਸਰਕਾਰੀ ਸਿਹਤ ਕੇਂਦਰਾਂ ਵਿਖੇ ਇਲਾਜ ਲਈ ਸੰਪਰਕ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅੱਖਾਂ ਦੇ ਫਲੂ ਦੇ ਲੱਛਣਾਂ ਵਿੱਚ ਅੱਖਾਂ ਵਿੱਚ ਖੁਜਲੀ, ਅੱਖਾਂ ਦਾ ਲਾਲ ਹੋਣਾ, ਪਲਕਾਂ ਵਿੱਚ ਸੋਜ ਅਤੇ ਲਾਗ ਵਾਲੀ ਅੱਖ ਵਿੱਚੋਂ ਪਾਣੀ ਆਉਣਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਵਾਇਰਲ ਲਾਗ ਹੈ ਅਤੇ ਇੱਕ ਹਫ਼ਤੇ ਤੱਕ ਰਹਿੰਦੀ ਹੈ। ਇਕ ਇਨਫੈਕਟਿਡ ਵਿਅਕਤੀ ਤੋਂ ਦੂਜੇ ਨੂੰ ਅਤੇ ਵਰਤੇ ਗਏ ਸਮਾਨ ਜਿਵੇਂ ਦਰਵਾਜੇ ਦੇ ਹੈਂਡਲ, ਟੇਬਲ, ਪੇਨ ਆਦਿ ਚੀਜਾਂ ਰਾਹੀਂ ਫੈਲਦਾ ਹੈ।ਉਨ੍ਹਾਂ ਕਿਹਾ ਕਿ ਸੰਕਰਮਿਤ ਵਿਅਕਤੀਆਂ ਦੇ ਤੌਲੀਏ, ਰੁਮਾਲ,ਬਿਸਤਰੇ ਦੀਆਂ ਚਾਦਰਾਂ ਅਤੇ ਹੋਰ ਕੱਪੜੇ ਵੱਖ ਕੀਤੇ ਜਾਣੇ ਚਾਹੀਦੇ ਹਨ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਿਮਾਰੀ ਫੈਲਣ ਤੋਂ ਰੋਕਣ ਲਈ ਨਿਯਮਤ ਤੌਰ ‘ਤੇ ਹੱਥ ਧੋਣੇ ਚਾਹੀਦੇ ਹਨ।