
ਦਲਜੀਤ ਕੌਰ/ਲਹਿਰਾਗਾਗਾ, 17 ਜੁਲਾਈ, 2023: ਮੂਣਕ ਮਾਨਸਾ ਏਰੀਏ ਵਿੱਚ ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਕਿਰਤੀ ਕਿਸਾਨ ਯੂਨੀਅਨ, ਡੈਮੋਕ੍ਰੇਟਿਕ ਟੀਚਰ ਫਰੰਟ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਹਿਰਾਗਾਗਾ ਵਿਖੇ ਨਹਿਰ ਦੇ ਪੁਲ ਤੇ ਰਾਹਤ ਕੈਂਪ ਸ਼ੁਰੂ ਕੀਤਾ ਗਿਆ। ਇਸ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਗੋਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਕੱਤਰ ਬਿੱਕਰ ਸਿੰਘ ਹੱਥੋਆ ਅਤੇ ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਦੱਸਿਆ ਕਿ ਘੱਗਰ ਦਰਿਆ ਦੀ ਚਪੇਟ ਵਿਚ ਆਏ ਪਿੰਡਾਂ ਵਿੱਚ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਜਥੇਬੰਦੀਆਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਨੋਟ ਕੀਤਾ ਕਿ ਕਿਸਾਨਾਂ ਮਜ਼ਦੂਰਾਂ ਦੀ ਲਗਭਗ 90% ਫਸਲ ਖ਼ਤਮ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਅਜੇ ਵੀ ਲੋਕਾਂ ਦੇ ਖਾਣ-ਪੀਣ ਅਤੇ ਪਸ਼ੂਆਂ ਦੇ ਹਰੇ ਚਾਰੇ ਦੀ ਵੱਡੀ ਕਿੱਲਤ ਹੈ। ਤਬਾਹ ਹੋਈ ਫਸਲ ਨੂੰ ਮੁੜ ਬੀਜਣ ਲਈ ਝੋਨੇ ਦੀ, ਪਨੀਰੀ ਦੀ ਵੱਡੀ ਪੱਧਰ ਤੇ ਘਾਟ ਹੈ। ਇੱਕ ਪਾਸੇ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਕਰਕੇ ਵਾਹ-ਵਾਹ ਖੱਟਣ ਲਈ ਲੋਕਾਂ ਦੇ ਨਾਲ ਖੜਨ ਦਾ ਢੋਂਗ ਰਚਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਅਜਿਹੇ ਬਹੁਤ ਸਾਰੇ ਪਿੰਡ ਹਨ ਜਿੱਥੇ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਕਿਸਾਨਾਂ ਦੀ ਕਰੀਬ 30 ਹਜ਼ਾਰ ਏਕੜ ਝੋਨੇ ਦੀ ਫ਼ਸਲ ਦੀ ਮੁੜ ਬਿਜਾਈ ਲਈ ਸਰਕਾਰ ਵੱਲੋਂ ਝੋਨੇ ਦੀ ਪਨੀਰੀ ਲਈ ਸੰਗਰੂਰ ਜ਼ਿਲ੍ਹੇ ਅੰਦਰ ਸਿਰਫ਼ 35 ਕੁਇੰਟਲ ਬੀਜ ਦਿੱਤਾ ਗਿਆ। ਜਦਕਿ ਇਸ ਕੰਮ ਲਈ 1500 ਕੁਇੰਟਲ ਬੀਜ ਦੀ ਲੋੜ ਹੈ। ਲੋਕ ਆਪਣੇ ਪੱਧਰ ਤੇ ਪਨੀਰੀ ਬੀਜ ਰਹੇ ਹਨ ਕਿਰਤੀ ਕਿਸਾਨ ਯੂਨੀਅਨ ਵੱਲੋਂ ਹੜ ਪ੍ਰਭਾਵਿਤ ਪਿੰਡਾਂ ਚ ਪਨੀਰੀ ਬਿਜਾਈ ਜਾ ਰਹੀ ਹੈ। ਰਾਹਤ ਕੈਂਪ ਰਾਹੀਂ ਲੋੜਵੰਦ ਲੋਕਾਂ ਤੱਕ ਹਰ ਤਰ੍ਹਾਂ ਦੀ ਸੰਭਵ ਮਦਦ ਅਤੇ ਜਿਵੇਂ ਕਿ ਸੁੱਕਾ ਰਾਸ਼ਨ, ਪਸ਼ੂਆਂ ਲਈ ਹਰਾ ਚਾਰਾ, ਦਵਾਈਆਂ ਅਤੇ ਹੋਰ ਸੰਭਵ ਮਦਦ ਪਹੁੰਚਾਈ ਜਾਵੇਗੀ।
ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੇ ਹੋਏ ਨੁਕਸਾਨ ਦੀ ਫੌਰੀ ਗਿਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ ਅਤੇ ਅਗਲੀ ਫਸਲ ਦੀ ਬਿਜਾਈ ਲਈ ਪਨੀਰੀ, ਖਾਦਾਂ ਦਾ ਪ੍ਰਬੰਧ ਕੀਤਾ ਜਾਵੇ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਨਿਰਭੈ ਸਿੰਘ ਖਾਈ, ਮੁਲਾਜਮ ਆਗੂ ਮੇਘਰਾਜ, ਮਜ਼ਦੂਰ ਆਗੂ ਗੁਰਵਿੰਦਰ ਸਿੰਘ ਸ਼ਾਦੀਹਰੀ ਅਤੇ ਹੋਰ ਹਾਜ਼ਰ ਸਨ।