
ਵਾਸ਼ਿੰਗਟਨ/ ਭੁਲੱਥ, 7 ਮਈ (ਰਾਜ ਗੋਗਨਾ )-ਜ਼ਿਲਾ ਕਪੂਰਥਲਾ ਅਤੇ ਹਲਕਾ ਭੁਲੱਥ ਖੇਤਰ ਦੇ ਕਸਬਾ ਬੇਗੋਵਾਲ ਵਿੱਚ ਸਥਿੱਤ ਡੇਰਾ ਸੰਤ ਪ੍ਰੇਮ ਸਿੰਘ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 73ਵੀਂ ਮਿੱਠੀ ਤੇ ਨਿੱਘੀ ਯਾਦ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਮੇਲੇ ਦੇ ਇੰਚਾਰਜ ਸ੍ਰ. ਜਸਵੰਤ ਸਿੰਘ ਅਤੇ ਸ੍ਰ. ਕਰਨੈਲ ਸਿੰਘ ਵਲੋਂ ਬਹੁਤ ਹੀ ਉੱਚ ਪੱਧਰ ਦੇ ਪ੍ਰਬੰਧ ਕੀਤੇ ਗਏ। ਇਸ ਮੌਕੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਸਿੱਖਸ ਆਫ ਅਮੈਰਿਕਾ ਵਲੋਂ ਆਪਣੇ ਲੋਕ ਭਲਾਈ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਸੰਤ ਬਾਬਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਪ੍ਰਧਾਨ ਕਮਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਕੋਆਰਡੀਨੇਟਰ ਇੰਡੀਆ ਵਰਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਸਮੱੁਚੀ ਸਿੱਖਸ ਆਫ ਅਮੈਰਿਕਾ ਦੀ ਟੀਮ ਵਲੋਂ ਲਗਾਏ ਗਏ ਇਸ ਕੈਂਪ ਦੌਰਾਨ ਬਰਸੀ ਸਮਾਗਮ ’ਚ ਸ਼ਾਮਿਲ ਲੋੜਵੰਦ ਸੰਗਤਾਂ ਨੂੰ ਮੁਫਤ ਡਾਕਟਰੀ ਸੇਵਾਵਾਂ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦੌਰਾਨ ਡਾ. ਅੰਜੂ ਕਪੂਰ ਅਤੇ ਡਾ. ਅਨਿਲ ਕਪੂਰ ਦੀ ਅਗਵਾਈ ’ਚ ਡਾਕਟਰੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਦਿਲੀਪ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਨੀਲ ਕੁਮਾਰ ਅਤੇ ਜੈ ਕੁਮਾਰ ਨੇ ਵਲੰਟੀਅਰ ਵਜੋਂ ਸੇਵਾਵਾਂ ਨਿਭਾਈਆਂ। ਇਸ ਕੈਂਪ ਦਾ ਸੰਤ ਬਾਬਾ ਪਰੇਮ।ਸਿੰਘ ਦੀ ਯਾਦ ਵਿੱਚ ਕਰਵਾਏ ਗਏ ਜੋੜ ਮੇਲੇ ਦੌਰਾਨ ਸੈਂਕੜੇ ਮਰੀਜ਼ਾਂ ਨੇ ਲਾਭ ਉਠਾਇਆ। ਮੇਲੇ ਦੀ ਸਮਾਪਤੀ ’ਤੇ ਡੇਰਾ ਬੇਗੋਵਾਲ ਦੀ ਸੇਵਾਦਾਰ ਬੀਬੀ ਜਗੀਰ ਕੌਰ ਨੇ ਸਿੱਖਸ ਆਫ ਅਮੈਰਿਕਾ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।