
ਨਵੀਂ ਦਿੱਲੀ, 22 ਮਈ/ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਤੋਂ ਪਹਿਲਾਂ ਅੱਜ ਕਾਂਗਰਸ ਨੇ ਸਰਕਾਰ ’ਤੇ ਸੰਵਿਧਾਨ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਅਤੇ ਮੰਗ ਕੀਤੀ ਕਿ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਕਰਨਾ ਚਾਹੀਦਾ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦਸੰਬਰ 2020 ਵਿੱਚ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਣ ਸਬੰਧੀ ਸਮਾਰੋਹ ਵਿੱਚ ਵੀ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਨਹੀਂ ਸੱਦਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਕਾਂਗਰਸ ਪ੍ਰਧਾਨ ਨੇ ਲੜੀਵਾਰ ਕੀਤੇ ਟਵੀਟਾਂ ਵਿੱਚ ਦੋਸ਼ ਲਗਾਇਆ, ‘‘ਮੋਦੀ ਸਰਕਾਰ ਵਾਰ-ਵਾਰ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ। ਭਾਜਪਾ-ਆਰਐੱਸਐੱਸ ਦੀ ਸਰਕਾਰ ਦੌਰਾਨ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਨਾਂ ਮਾਤਰ ਰਹਿ ਗਿਆ ਹੈ।’’-ਪੀਟੀਆਈ