November 22, 2025 12:16 pm

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕਰੀਬ 2 ਕਰੋੜ ਦੀ ਗਰਾਂਟ ਦੇ ਪ੍ਰਵਾਨਗੀ ਪੱਤਰਾਂ ਦੀ ਵੰਡ

Share:

ਦਲਜੀਤ ਕੌਰ/ਸੁਨਾਮ ਊਧਮ ਸਿੰਘ ਵਾਲਾ, 22 ਮਈ, 2023: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਨਵੇਂ ਮਕਾਨਾਂ ਦੀ ਉਸਾਰੀ ਲਈ ਜਾਰੀ ਹੋਈਆਂ ਗਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਮਕਾਨ ਦੀ ਲੋੜ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ 114 ਲਾਭਪਾਤਰੀਆਂ ਲਈ ਕਰੀਬ 2 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ ਜਿਸ ਤਹਿਤ ਹਰੇਕ ਲਾਭਪਾਤਰੀ ਪਰਿਵਾਰ ਨੂੰ ਪਹਿਲੀ ਕਿਸ਼ਤ ਵਜੋਂ ਪੌਣੇ ਦੋ ਲੱਖ ਰੁਪਏ ਦੀ ਗਰਾਂਟ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ 200 ਲਾਭਪਾਤਰੀਆਂ ਲਈ ਇਹ ਰਾਸ਼ੀ ਪ੍ਰਵਾਨ ਹੋਈ ਹੈ ਪਰ ਬਾਕੀ 86 ਲਾਭਪਾਤਰੀਆਂ ਦੇ ਦਸਤਾਵੇਜ਼ਾਂ ਦੀ ਕਮੀ ਨੂੰ ਦੂਰ ਕਰਨ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਜੋ ਕਿ ਜਲਦੀ ਹੀ ਮੁਕੰਮਲ ਕਰਕੇ ਬਾਕੀ ਬਿਨੈਕਾਰਾਂ ਨੂੰ ਵੀ ਇਸ ਯੋਜਨਾ ਦੇ ਦਾਇਰੇ ਤਹਿਤ ਬਣਦਾ ਲਾਭ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੇ ਕਾਇਆ ਕਲਪ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਲੋਕਾਂ ਨਾਲ ਸਾਂਝ ਪਾਈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲੇ ਵਿਕਾਸ ਕਾਰਜਾਂ ਨੂੰ ਅਸੀਂ ਤਰਜੀਹੀ ਆਧਾਰ ’ਤੇ ਲੋਕ ਹਿੱਤਾਂ ਦੇ ਸਨਮੁੱਖ ਕਰਵਾ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਕਰੀਬ 3.50 ਕਰੋੜ ਦੀ ਲਾਗਤ ਨਾਲ ਸਰਕਾਰੀ ਆਈ.ਟੀ.ਆਈ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਕਰੀਬ 1 ਕਰੋੜ ਨਾਲ ਪੁਰਾਣੀ ਸਬਜ਼ੀ ਮੰਡੀ ਨੂੰ ਅਤਿ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ, ਨਾਲੇ ਦੇ ਨਾਲ 49 ਲੱਖ ਦੀ ਲਾਗਤ ਨਾਲ ਲੋਕਾਂ ਨੂੰ ਸੈਰ ਦੀ ਸੁਵਿਧਾ ਦੇਣ ਲਈ ਖੂਬਸੂਰਤ ਟਰੈਕ ਬਣੇਗਾ, ਸਾਫ਼ ਸਫਾਈ ਵਿਵਸਥਾ ਲਈ ਸੁਨਾਮ ਸ਼ਹਿਰ ਵਿਖੇ ਨਗਰ ਕੌਂਸਲ ਨੂੰ 1.38 ਕਰੋੜ ਦੀ ਲਾਗਤ ਨਾਲ ਮਸ਼ੀਨਰੀ ਲਈ ਗਰਾਂਟ ਦਿੱਤੀ ਗਈ ਹੈ, ਹਲਕੇ ਦੇ 47 ਪਿੰਡਾਂ ਵਿੱਚ ਨਹਿਰਾਂ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ 68 ਕਰੋੜ ਰੁਪਏ ਨਾਲ ਅੰਡਰ ਗਰਾਊਂਡ ਪਾਈਪਲਾਈਨਾਂ ਪਾਈਆਂ ਜਾ ਰਹੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ 50 ਲੱਖ ਦੀ ਲਾਗਤ ਨਾਲ ਦੋ ਆਮ ਆਦਮੀ ਕਲੀਨਿਕ ਬਣਵਾਏ ਗਏ, ਅੰਡਰ ਬ੍ਰਿਜ ਦੇ ਦੋਵੇਂ ਪਾਸੀਂ 70 ਲੱਖ ਦੀ ਲਾਗਤ ਨਾਲ ਸ਼ੈਡ ਪਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਉਹ ਸੁਨਾਮ ਵਾਸੀਆਂ ਦੀ ਹਰ ਲੋੜ ਤੇ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।
ਕੈਬਨਿਟ ਮੰਤਰੀ ਨੇ ਸਮਾਜ ਵਿੱਚੋਂ ਮਾੜੇ ਅਨਸਰਾਂ ਦਾ ਖਾਤਮਾ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੁਲਿਸ ਪਬਲਿਕ ਮੀਟਿੰਗ ਕਰਵਾਈ ਗਈ ਅਤੇ ਅਜਿਹੇ ਹੀ ਸਾਰਥਕ ਉਪਰਾਲੇ ਸਮੇਂ ਸਮੇਂ ’ਤੇ ਕਰਵਾਏ ਜਾਣਗੇ ਜਿਸ ਲਈ ਲੋਕਾਂ ਨੂੰ ਵਧ ਚੜ੍ਹ ਕੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਮਨਪ੍ਰੀਤ ਬਾਂਸਲ, ਮੁਕੇਸ਼ ਜੁਨੇਜਾ, ਈਓ ਅੰਮ੍ਰਿਤ ਲਾਲ, ਰਵੀ ਕਮਲ ਗੋਇਲ, ਸਾਰੇ ਐੱਮ ਸੀ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news