
ਤਾਸ਼ਕੰਦ, 2 ਮਈ/ਭਾਰਤੀ ਤੀਰਅੰਦਾਜ਼ਾਂ ਨੇ ਏਸ਼ੀਆ ਕੱਪ ਸਟੇਜ-2 ਵਿਸ਼ਵ ਰੈਂਕਿੰਗ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਰਿਕਰਵ ਅਤੇ ਕੰਪਾਊਂਡ ਵਰਗਾਂ ਦੇ ਚਾਰ ਟੀਮ ਮੁਕਾਬਲਿਆਂ ਵਿੱਚ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਦੇ ਐੱਮ. ਚੌਹਾਨ, ਤੁਸ਼ਾਰ ਸ਼ੈਲਕੇ ਅਤੇ ਜਯੰਤਾ ਤਾਲੁਕਦਾਰ ਦੀ ਪੁਰਸ਼ ਰਿਕਰਵ ਟੀਮ ਨੇ ਸੈਮੀਫਾਈਨਲ ਵਿੱਚ ਮੇਜ਼ਬਾਨ ਉਜ਼ਬੇਕਿਸਤਾਨ ਦੀ ਟੀਮ ਨੂੰ 6-0 ਨਾਲ ਹਰਾਇਆ। ਜਦਕਿ ਮਹਿਲਾ ਰਿਕਰਵ ਟੀਮ ਨੇ ਉਜ਼ਬੇਕਿਸਤਾਨ ਦੀ ਟੀਮ ਨੂੰ ਟਾਈਬ੍ਰੇਕਰ ਵਿੱਚ 5-4 ਨਾਲ ਹਰਾ ਕੇ ਫਾਈਨਲ ’ਚ ਕਦਮ ਰੱਖਿਆ। ਪੁਰਸ਼ ਤੇ ਮਹਿਲਾ ਟੀਮਾਂ ਦਾ ਫਾਈਨਲ ਮੁਕਾਬਲਾ ਚੀਨ ਦੀਆਂ ਟੀਮਾਂ ਨਾਲ ਹੋਵੇਗਾ। ਇਸ ਤੋਂ ਇਲਾਵਾ ਪੁਰਸ਼ ਕੰਪਾਊਂਡ ਟੀਮ ਨੇ ਸਾਊਦੀ ਅਰਬ ਦੀ ਟੀਮ ਨੂੰ 236-221 ਅੰਕਾਂ ਦੇ ਫਰਕ ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ। ਮਹਿਲਾ ਕੰਪਾਊਂਡ ਟੀਮ ਕੁਆਲੀਫਿਕੇਸ਼ਨ ਰਾਊਂਡ ’ਚ ਸਿਖਰ ’ਤੇ ਰਹਿ ਕੇ ਪਹਿਲਾਂ ਹੀ ਫਾਈਨਲ ’ਚ ਪਹੁੰਚ ਚੁੱਕੀ ਹੈ। ਪੁਰਸ਼ ਤੇ ਮਹਿਲਾ ਕੰਪਾਊਂਡ ਟੀਮਾਂ ਦਾ ਮੁਕਾਬਲਾ ਹਾਂਗਕਾਂਗ ਦੀਆਂ ਟੀਮਾਂ ਨਾਲ ਹੋਵੇਗਾ। -ਪੀਟੀਆਈ