
ਦਲਜੀਤ ਕੌਰ/ਸੰਗਰੂਰ, 30 ਅਪ੍ਰੈਲ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬੀਤੇ ਵਰ੍ਹੇ 15 ਅਗਸਤ ਤੋਂ ਜ਼ਿਲ੍ਹਾ ਸੰਗਰੂਰ ਵਿਖੇ ਆਰੰਭੇ 4 ਤੇ ਮੌਜੂਦਾ ਵਰ੍ਹੇ ਵਿੱਚ 27 ਜਨਵਰੀ ਤੋਂ ਆਰੰਭੇ 14 ਆਮ ਆਦਮੀ ਕਲੀਨਿਕਾਂ ਰਾਹੀਂ ਵੱਖ-ਵੱਖ ਸਿਹਤ ਸੇਵਾਵਾਂ ਦਾ ਲਾਭ ਉਠਾਉਣ ਵਾਲੇ ਲੋੜਵੰਦ ਲੋਕਾਂ ਦੀਆਂ ਗਿਣਤੀ ਮਹਿਜ਼ 8 ਮਹੀਨਿਆਂ ਦੇ ਅੰਦਰ ਹੀ ਇੱਕ ਲੱਖ ਤੋਂ ਵੱਧ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਆਰੀ ਤੇ ਸਮਾਂਬੱਧ ਸਿਹਤ ਸੇਵਾਵਾਂ ਦਾ ਦਾਇਰਾ ਵਧਾਉਣ ਅਤੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਖੇ ਭੀੜ ਘਟਾਉਣ, ਮਰੀਜ਼ਾਂ ਦੇ ਕੀਮਤੀ ਸਮੇਂ ਦੀ ਬੱਚਤ ਕਰਨ ਦੇ ਉਦੇਸ਼ ਨਾਲ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਾਇਮਰੀ ਸਿਹਤ ਕੇਂਦਰਾਂ ਤੇ ਸ਼ਹਿਰੀ ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਕੇ ਕਲੀਨਿਕ ਸਥਾਪਤ ਕੀਤੇ ਗਏ ਹਨ ਜਿਥੇ ਤਜਰਬੇਕਾਰ ਡਾਕਟਰੀ ਸਟਾਫ਼ ਸੇਵਾਵਾਂ ਨਿਭਾਅ ਰਿਹਾ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਅਕਸਰ ਵੱਡੇ ਸਰਕਾਰੀ ਹਸਪਤਾਲਾਂ ਦੀਆਂ ਓ.ਪੀ.ਡੀ ਵਿੱਚ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ ਅਤੇ ਇਨ੍ਹਾਂ ਕਲੀਨਿਕਾਂ ਵਿੱਚ ਇਲਾਜ ਕਰਵਾਉਣ ਲਈ ਤਬਦੀਲ ਹੋਣ ਵਾਲੇ ਮਰੀਜ਼ਾਂ ਨੂੰ ਹੁਣ ਲੰਬੀਆਂ ਲਾਈਨਾਂ ਵਿੱਚ ਖੜ੍ਹਨਾ ਨਹੀਂ ਪੈਂਦਾ ਬਲਕਿ ਆਮ ਆਦਮੀ ਕਲੀਨਿਕਾਂ ਵਿੱਚ ਮੁਹੱਈਆ ਕਰਵਾਈਆਂ ਬਿਹਤਰੀਨ ਸੇਵਾਵਾਂ ਨਾਲ ਇਹ ਲੋੜਵੰਦ ਆਪਣੇ ਰੋਗਾਂ ਦਾ ਬਿਹਤਰ ਇਲਾਜ ਕਰਵਾ ਰਹੇ ਹਨ ਅਤੇ ਬਹੁਤਿਆਂ ਨੂੰ ਆਪਣਾ ਕੀਮਤੀ ਸਮਾਂ ਵੀ ਨਸ਼ਟ ਨਹੀਂ ਕਰਨਾ ਪੈਂਦਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀਆਂ ਸੁਵਿਧਾ ਦੇ ਮੱਦੇਨਜ਼ਰ ਜਲਦੀ ਹੀ ਅਜਿਹੇ ਹੋਰ ਅਪਗ੍ਰੇਡਡ ਕਲੀਨਿਕ ਲੋਕ ਅਰਪਿਤ ਕੀਤੇ ਜਾਣ ਦੀ ਦਿਸ਼ਾ ਵਿੱਚ ਸਿਹਤ ਵਿਭਾਗ ਸਮੇਤ ਹੋਰ ਸਬੰਧਿਤ ਵਿਭਾਗ ਕਾਰਜਸ਼ੀਲ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਬੀਤੀ 29 ਅਪ੍ਰੈਲ 2023 ਤੱਕ ਆਮ ਆਦਮੀ ਕਲੀਨਿਕਾਂ ਰਾਹੀਂ 1 ਲੱਖ 11 ਹਜ਼ਾਰ 23 ਲੋੜਵੰਦ ਸਿਹਤ ਸੁਵਿਧਾਵਾਂ ਵਜੋਂ ਡਾਕਟਰਾਂ ਦੀ ਸਲਾਹ ਹਾਸਲ ਕਰਨ ਦੇ ਨਾਲ ਨਾਲ ਮੁਫ਼ਤ ਦਵਾਈਆਂ ਤੇ ਟੈਸਟ ਆਦਿ ਦੀ ਸੁਵਿਧਾ ਹਾਸਲ ਕਰ ਚੁੱਕੇ ਹਨ।