November 22, 2025 10:13 am

ਗ਼ਮਾਂ ਦੇ ਤਰਾਨੇ ਛੋਂਹਦਾ ਹੋਇਆ ਦੱਮਦਾਰ ਗਾਇਕੀ ਦਾ ਮਾਲਕ : ਗਾਇਕ ਰਮੇਸ਼ ਨੁੱਸੀਵਾਲ

Share:

ਜਦੋਂ ਰਾਗ਼ ਅਵੱਲਾ ਛੇੜ ਬਹਿੰਨੈ, ਤਾਂ ਮਹਿਕਣ ਲੱਗਣ ਹਵਾਵਾਂ ਵੀ, ਤੇਰੀ ਗਾਇਕੀ ਵਿੱਚ ਐਸੇ ਰੰਗ ਸੱਜਣਾ, ਮਚਲਣ, ਉਮੰਗਾਂ ਚਾਵਾਂ ਵੀ, ਨਾਮ ਰਮੇਸ਼ ਰਾਜਾ, ਨੁੱਸੀਵਾਲ ਕਹਿੰਦੇ, ਨੁੱਸੀ ਪਿੰਡ ਤੇਰਾ ਸਿਰਨਾਵਾਂ ਵੀ, ਤੂੰ ਬੁੱਲ੍ਹਾਂ ’ਤੇ ਤਰਾਨੇ ਉਹੀ ਛੋਂਹਨੈ, ਸੁਣ ਸਕਣ ਭੈਣਾਂ ਤੇ ਮਾਂਵਾਂ ਵੀ। ਜੀ ਹਾਂ ਜੇਕਰ ਅਸੀਂ ਗਾਇਕੀ ਦੇ ਪਿੜ ਦੀ ਗੱਲ ਕਰੀਏ ਤਾਂ ਇਸ ਪਿੜ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਬਹੁਤ ਸਾਰੇ ਸਿਰ ਧੜ ਦੀ ਬਾਜ਼ੀ ਲਾਉਂਦੇ ਹਨ। ਜਿਨ੍ਹਾਂ ਵਿੱਚ ਕੁੁਝ ਗਿਣੇ-ਚੁਣੇ ਗਾਇਕ ਆਪਣੀ ਆਵਾਜ਼, ਗਾਇਕੀ ਤੇ ਸੁਰਾਂ ਦੇ ਗਿਆਨ ਦੀ ਬਦੌਲਤ ਲੋਕ ਮਨਾਂ ਵਿੱਚ ਵਸ ਜਾਂਦੇ ਹਨ। ਜੇਕਰ ਗਾਇਕੀ ਦੀ ਗੱਲ ਕਰੀਏ ਤਾਂ ਗਾਉਣ ਦਾ ਹੁਨਰ ਵੀ ਆਪਣਾ ਹੀ ਇਕ ਮਾਇਨਾ ਰੱਖਦਾ ਹੈ। ਗਾਉਣ ਦੇ ਹੁਨਰ ਦੇ ਗੁਣਾਂ ਵਿੱਚ ਚੰਗੀ ਵੋਕਲ ਦੇ ਨਾਲ ਨਾਲ ਭਾਵਨਾਤਮਕ ਭਾਸ਼ਾ ਅਤੇ ਗੀਤ ਨੂੰ ਸਾਹ ਰਾਹੀਂ ਮਹਿਸੂਸ ਕਰਕੇ ਆਪਣੀ ਅਦਾਕਾਰੀ ਰਾਹੀਂ ਉਸਨੂੰ ਨੂੰ ਅਰਥ ਭਰਪੂਰ ਬਣਾਉਣ ਦੀ ਯੋਗਤਾ ਦਾ ਹੋਣਾ ਲਾਜਮੀਂ ਹੈ। ਜੇਕਰ ਗਾਉਣ ਦੇ ਇਸ ਹੁਨਰ ਦੇ ਗੁਣ ਅਤੇ ਗਾਇਕੀ ਦੀ ਗੱਲ ਕਰੀਏ ਤਾਂ ਅਜਿਹੇ ਗੁਣਾਂ ਨਾਲ ਲਵਰੇਜ ਗਾਇਕੀ ਨਾਲ ਜੁੜੀਆਂ ਹੋਈਆਂ ਗਿਣੀਆਂ-ਚੁਣੀਆਂ ਸ਼ਖ਼ਸੀਅਤਾਂ ਦੀ ਕਤਾਰ ਵਿੱਚ ਗਾਇਕ ਰਮੇਸ਼ ਰਾਜਾ ਨੁੱਸੀਵਾਲ ਦਾ ਨਾਮ ਵੀ ਇਕ ਆਪਣਾ ਹੀ ਮਹੱਤਵ ਰੱਖਦਾ ਹੈ। ਹੁਣ ਜੇਕਰ ਰਮੇਸ਼ ਨੁੱਸੀਵਾਲ ਦੇ ਪਰਿਵਾਰਕ ਪਿਛੋਕੜ ਬਾਰੇ ਗੱਲ ਕਰੀਏ ਤਾਂ ਨੁੱਸੀਵਾਲ ਦਾ ਜਨਮ ਸੰਨ 1964 ਵਿੱਚ ਪਿੰਡ ਨੁੱਸੀਵਾਲ, ਜ਼ਿਲ੍ਹਾ ਜਲੰਧਰ ਵਿਖੇ ਪਿਤਾ ਸ਼੍ਰੀਮਾਨ ਪ੍ਰੀਤਮ ਦਾਸ ਜੀ ਦੇ ਘਰ ਆਦਰਯੋਗ ਮਾਤਾ ਸ਼੍ਰੀਮਤੀ ਗਿਆਨ ਕੌਰ ਜੀ ਦੀ ਕੁੱਖੋਂ ਹੋਇਆ। ਗਾਇਕੀ ਦਾ ਸ਼ੌਕ ਮਨ ਵਿੱਚ ਐਸਾ ਜਾਗਿਆ ਕਿ ਉਸ ਨੇ ਗਾਇਕੀ ਦੇ ਖਿੱਤੇ ਵਿੱਚ ਆਪਣਾ ਕੈਰੀਅਰ ਲੱਭਦੇ ਹੋਇਆਂ ਇਸ ਨੂੰ ਆਪਣਾ ਪ੍ਰੋਫ਼ੈਸ਼ਨ ਚੁਣ ਲਿਆ। ਉਸਦੀ ਇਸ ਚਾਹਤ ਨੇ ਉਸ਼ਤਾਦ ਦੀ ਤਲਾਸ਼ ਕਰਨੀ ਆਰੰਭੀ ਤਾਂ ਉਨ੍ਹਾਂ ਦੀ ਖੋਜ ਉੱਚ ਕੋਟੀ ਦੇ ਉਸਤਾਦ ਸ਼੍ਰੀਮਾਨ ਪ੍ਰਾਣ ਨਾਥ ਪ੍ਰੇਮੀ ਜੀ ਅਤੇ ਪ੍ਰਫ਼ੈਸਰ ਭਪਿੰਦਰ ਸਿੰਘ ਜੀ ’ਤੇ ਆ ਕੇ ਪੂਰਨ ਹੋਈ ਅਤੇ ਨੁੱਸੀਵਾਲ ਨੇ ਇਨ੍ਹਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਜਿਨ੍ਹਾਂ ਤੋਂ ਇਨ੍ਹਾਂ ਨੇ ਗਾਇਕੀ ਦੇ ਗੁਰ ਸਿੱਖੇੇ।

ਆਪਣੀ ਗਾਇਕੀ ਦਾ ਲੋਹਾ ਮਨਵਾਉਣ ਲਈ ਨੁੱਸੀਵਾਲ ਨੇ ਜਿੱਥੇ ਦੂਰਦਰਸ਼ਨ ਦੇ ਪ੍ਰੋਗਰਾਮ ਜਿਵੇਂ ਕਿ ਲਿਸ਼ਕਾਰਾ, ਰੌਣਕਾਂ ਪੰਜਾਬ ਦੀਆਂ, ਭੰਗੜਾ ਜੰਕਸ਼ਨ, ਰੰਗਲਾ ਪੰਜਾਬ, ਕਾਵਿ-ਸੁਰ ਅਤੇ ਹੋਰ ਅਨੇਕਾਂ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਉੱਥੇ ਨਾਲ ਦੀ ਨਾਲ ਅਕਾਸ਼ਬਾਣੀ ਰੇਡੀਓ ਦੇ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਵੀ ਗਾਇਆ ਤੇ ਸਰੋਤੀਆਂ ਦੀ ਵਾਹ-ਵਾਹ ਵੀ ਖੱਟੀ। ਅਕਸਰ ਦੇਖਿਆ ਜਾਂਦਾ ਹੈ ਕਿ ਗਾਇਕ ਕੋਈ ਬਹੁਤਾ ਪੜ੍ਹਿਆ-ਲਿਖਿਆ ਨਹੀਂ ਹੁੰਦਾ ਪਰ ਰਮੇਸ਼ ਨੁੱਸੀਵਾਲ ਇਕ ਉੱਚ ਸਿੱਖਿਅਤ ਗਾਇਕ ਹੈ ਤੇ ਉਹ ਜਿਸ ਰੰਗ ਵਿੱਚ ਵੀ ਗਾਉਂਦਾ ਹੈ ਉਸੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਹੋਇਆ ਦਿਖਾਈ ਦਿੰਦਾ ਹੈ। ਫਿਰ ਉਹ ਚਾਹੇ ਧਾਰਮਿਕ ਹੋਵੇ, ਪੰਜਾਬੀ ਹੋਵੇ ਜਾਂ ਫਿਰ ਉਦਾਸ ਗੀਤ ਹੋਵੇ ਉਹ ਗੀਤ ਦੇ ਲਫ਼ਜਾਂ ਦੇ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਲੈਂਦਾ ਹੈ। ਗੀਤ ਉਹੀ ਚੰਗਾ ਲੱਗਦਾ ਹੈ ਜੋ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਵੇ ਤੇ ਨੁੱਸੀਵਾਲ ਦੇ ਬੁੱਲ੍ਹਾਂ ’ਤੇ ਵੀ ਅਜਿਹੇ ਬੋਲ ਹੀ ਸੁਹਾਂਵਦੇ ਹਨ ਤੇ ਉਹ ਲੱਚਰ ਗਾਇਕੀ ਤੋਂ ਕੋਹਾਂ ਦੂਰ ਹੈ। ਅੱਜ ਤੱਕ ੳਸਨੇ ‘ਅੱਜ ਦੇ ਰਾਂਝੇ’, ‘ਗਲੀਆਂ ਤੇਰੇ ਸ਼ਹਿਰ ਦੀਆਂ’, ‘ਸਰੋ੍ਹਂ ਦੇ ਫੁੱਲ ਵਰਗੀ’, ‘ਟੁੱਟ ਗਏ ਮਾਣ ਗਰੀਬਾਂ ਦੇ’ ਆਦਿ ਸਿੰਗਲ ਆਡੀਓ ਟਰੈਕ ਸੰਗੀਤਕ ਪ੍ਰੇਮੀਆਂ ਦੀ ਝੋਲੀ ਵਿੱਚ ਪਾਏ ਹਨ ਅਤੇ ਐੱਚ ਐੱਮ ਵੀ. ਕੰਪਨੀ ਵੱਲੋਂ ‘ਸ਼ਾਨ ਪੰਜਾਬੀਆਂ ਦੀ’ ਨੇ ਵੀ ਕਾਫ਼ੀ ਚਰਚਾ ਬਟੋਰੀ। ਇਸ ਦੇ ਨਾਲ ਦੀ ਨਾਲ ਧਾਰਮਿਕ ਸਿੰਗਲ ਟਰੈਕਾਂ ਜਿਨ੍ਹਾਂ ਵਿੱਚ ‘ਪੰਥ ਖ਼ਾਲਸਾ’, ‘ਜੰਗ ਜਿੱਤ ਕੇ ਮੁੜਾਂਗੇ’, ‘ਰੌਣਕਾਂ ਲੱਗ ਗਈਆਂ’ ਆਦਿ ਵਿੱਚ ਵੀ ਨੁੱਸੀਵਾਲ ਦੀ ਗਾਇਕੀ ਦਾ ਆਪਣਾ ਹੀ ਰੰਗ ਦੇਖਣ ਨੂੰ ਨਜ਼ਰੀਂ ਆਉਂਦਾ ਹੈ। ਇਸ ਤੋਂ ਇਲਾਵਾਂ ਉਸਦੀਆਂ ਕੀਤੀਆਂ ਹੋਈਆਂ ਧਾਰਮਿਕ ਐਲਬਮਾਂ ਵਿੱਚ ‘ਸਾਂਈਆਂ ਹੋ ਗਈ ਤੇਰੀ’, ‘ਮਈਆ ਦੇ ਦੁਆਰੇ’, ‘ਮਾਂ ਦੇ ਚਰਨਾਂ ਨਾਲ ਪ੍ਰੀਤਾਂ’ ਆਦਿ ਨਾਮ ਸ਼ਾਮਲ ਹਨ। ਏਨਾਂ ਹੀ ਨਹੀਂ ਸਗੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਸਿੰਗਲ ਟਰੈਕ ‘ਸਾਡਾ ਹੱਕ’, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਸਿੰਗਲ ਟਰੈਕ ‘ਗੁਰਾਂ ਦੇ ਉਪਕਾਰ’, ‘ਖੁਰਾਲਗੜ੍ਹ ਜਾ ਕੇ’ ਦੀ ਗਾਇਕੀ ਵੀ ਨੁੱਸੀਵਾਲ ਨੂੰ ਉੱਚ ਕੋਟੀ ਦੇ ਗਾਇਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦੀ ਹੈ। ਉਸਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਮੇਰਾ (ਯਾਨੀਕਿ ਪਰਸ਼ੋਤਮ ਲਾਲ ਸਰੋਦੇ ਦਾ) ਲਿਖਿਆ ਹੋਇਆ ਉਦਾਸ ਗੀਤ ‘ਹਰਜਾਨਾ’ ਅਤੇ ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਸੂਫ਼ੀ ਗੀਤ ‘ਤੇਰੀ ਦੀਦ’ ਬਹੁਤ ਜਲਦ ਸੰਗੀਤਕ ਪ੍ਰੇਮੀਆਂ ਦੇ ਦਿਲਾਂ ’ਤੇ ਦਸਤਕ ਦੇਣਗੇ।

ਮੇਰਾ ਲਿਖਿਆ ਹੋਇਆਂ ਅਤੇ ਰਮੇਸ਼ ਨੁੱਸੀਵਾਲ ਦੀ ਗਾਇਕੀ ਦਾ ਸੁਮੇਲ ਉਦਾਸ ਗੀਤ ‘ਹਰਜਾਨਾਂ’ ਦਾ ਵੀਡੀਓ ਮਈ ਦੇ ਪਹਿਲੇ ਹਫ਼ਤੇ ਪੰਜਾਬ ਅਤੇ ਹਿਮਾਚਲ ਦੀਆਂ ਅਲੱਗ-ਅਲੱਗ ਲੋਕੇਸ਼ਨਾਂ ’ਤੇ ਸੂਟ ਹੋਣ ਤੋਂ ਬਾਅਦ ਯੂਟਿਊਬ ਅਤੇ ਸੋਸ਼ਲ ਮੀਡੀਆਂ ਦੇ ਅਲੱਗ-ਅਲੱਗ ਚੈਨਲਾਂ ’ਤੇ ਦੇਖਣ-ਸੁਣਨ ਨੂੰ ਮਿਲੇਗਾ। ਚਾਨਣ-ਮੁਨਾਰਾ ਦੀ ਟੀਮ ਨਾਲ ਇੰਟਰਵਿਊ ਦੌਰਾਨ ਗਾਇਕ ਰਮੇਸ਼ ਨੁੱਸੀਵਾਲ ਨੇ ਦੱਸਿਆ ਕਿ ਅੱਜ ਜਿਸ ਵੀ ਮੁਕਾਮ ’ਤੇ ਉਹ ਪਹੁੰਚਿਆ ਹੈ ਉਸ ਵਿੱਚ ਉਸਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਤੇ ਸਾਥ ਰਿਹਾ ਹੈ। ਜਿਨ੍ਹਾਂ ਵਿੱਚ ਰਮੇਸ਼ ਨੁੱਸੀਵਾਲ ਦੀ ਸ਼ਰੀਕੇ-ਹਯਾਤ ਸ਼੍ਰੀਮਤੀ ਕੁਲਦੀਪ ਕੌਰ ਨੇ ਵੀ ਕਿਸੇ ਵੀ ਪ੍ਰਸਥਿਤੀ ਵਿੱਚ ਉਸ ਨੂੰ ਡੋਲਣ ਨਹੀਂ ਦਿੱਤਾ। ਉਸਦੀ ਭੈਣ ਅਤੇ ਭਰਾਵਾਂ ਨੇ ਵੀ ਉਸ ਦਾ ਪੂਰਾ ਪੂਰਾ ਸਾਥ ਨਿਭਾਇਆ। ਉਸਦੇ ਭਤੀਜੇ- ਸੰਯੋਗ, ਨਿਸ਼ਾਵਰ, ਭਤੀਜੀ ਸੁਖਮਨੀ (ਜਿਨ੍ਹਾਂ ਨੂੰ ਉਹ ਆਪਣੀ ਜਿੰਦ-ਜਾਨ ਤੋਂ ਵਧ ਕੇ ਪਿਆਰ ਕਰਦਾ ਹੈ) ਅਤੇ ਉਸਦੇ ਆਪਣੇ ਬੱਚੇ ਜਿਨ੍ਹਾਂ ਨੂੰ ਆਪਣੀ ਜਿੰਦ-ਜਾਨ ਮੰਨਦਾ ਹੈ ਦਾ ਸਾਥ ਵੀ ਹਮੇਸ਼ਾਂ ਮਿਲਦਾ ਰਿਹਾ ਹੈ। ਨੁੱਸੀਵਾਲ ਨੇ ਆਪਣੇ ਬੱਚੇ ਵੀ ਵਿਆਹੇ ਹੋਏ ਹਨ ਜਿਨ੍ਹਾਂ ਵਿੱਚ ਰੋਹਿਤ ਦਾ ਵਿਆਹ ਸੋਨਮ, ਦੀਪਕ ਦਾ ਵਿਆਹ ਨੀਲਮ ਅਤੇ ਬ੍ਰੌਨੀ ਦਾ ਵਿਆਹ ਕੈਰਨ ਹੋਇਆ। ਪੋਤਰੀ ‘ਸਰਗੁਨ’ ਅਤੇ ਪੋਤਰੇ ‘ਅਗਮ’ ਨਾਲ ਅੰਤ ਦਾ ਮੋਹ ਪਾਲਦਾ ਹੋਇਆ ਨੁੱਸੀਵਾਲ ਦੱਸਦਾ ਹੈ ਕਿ ਪਰਿਵਾਰਕ ਮੈਂਬਰਾਂ ਅਤੇੇ ਬੱਚਿਆਂ ਦੇ ਸਾਥ ਦੇ ਨਾਲ-ਨਾਲ ਹਰ ਮੁਕਾਮ ’ਤੇ ਨੱਸੀ ਪਿੰਡ ਦੇ ਵਾਸੀਆਂ ਦਾ ਸਾਥ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਹਮੇਸ਼ਾਂ ਮਿਲਦਾ ਰਿਹਾ ਹੈ। ਜਿਨ੍ਹਾਂ ਦਾ ਤਾ-ਉਮਰ ਉਹ ਰਿਣੀ ਰਹੇਗਾ। ਕਿਹਾ ਜਾਂਦਾ ਹੈ ਕਿ ਘੁਲਣ ਦੇ ਦਾਅ-ਪੇਚ ਆਉਣ ਤੋਂ ਬਿਨਾਂ ਪਟਕੇ ਦੀ ਕੁਸ਼ਤੀ ਲਈ ਮੈਦਾਨ ਵਿੱਚ ਉਤਰਨਾ ਮੂਰਖ਼ਤਾ ਹੈ ਅਰਥਾਤ ਗਾਇਕੀ ਦੇ ਖੇਤਰ ਵਿੱਚ ਸੁਰਾਂ ਦੇ ਗਿਆਨ ਤੋਂ ਬਿਨਾਂ ਗਾਇਕੀ ਦਾ ਕੋਈ ਮੁੱਲ ਨਹੀਂ ਪੈਂਦਾ ਭਾਵ ਗਾਇਕੀ ਵਿੱਚ ਸੁਰਾਂ ਦਾ ਗਿਆਨ ਵਿਸ਼ੇਸ਼ ਮਹੱਤਵ ਰੱਖਣਾ ਹੈ। ਸੁਰਾਂ ਦਾ ਸਮੁੰਦਰ ਤਾਂ ਰਮੇਸ਼ ਨੁੱਸੀਵਾਲ ਦੇ ਅੰਤਰ-ਮਨ ਵਿੱਚ ਠਾਠਾਂ ਮਾਰਦਾ ਹੋਇਆ ਬਾਖ਼ੂਬੀ ਦਿਖਾਈ ਦਿੰਦਾ ਹੈ। ਇਸੇ ਕਰਕੇ ਉਹ ਪ੍ਰਸਥਿਤੀ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਵਿੱਚ ਕਾਮਯਾਬ ਹੋ ਜਾਂਦਾ ਹੈ। ਆਪਣੀ ਕਾਮਯਾਬੀ ਵਿੱਚ ਉਹ ਪਰਿਵਾਰ ਦੀ, ਬੱਚਿਆਂ ਦੀ, ਇਲਾਕਾ ਨਿਵਾਸੀਆਂ ਦੀ ਕਾਮਯਾਬੀ ਮੰਨਦਾ ਹੈ ਕਿਉਂਕਿ ਇਨ੍ਹਾਂ ਦੇ ਸਾਥ ਤੋਂ ਬਗ਼ੈਰ ਉਹ ਇੱਕ ਪੈਰ ਵੀ ਅਗਾਂਹ ਪੁੱਟਣ ਨੂੰ ਤਿਆਰ ਨਹੀਂ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਾਡੀ ਤਾਂ ਇਹੋ ਅਰਦਾਸ-ਬੇਨਤੀ ਹੈ ਕਿ ਸੁਰਾਂ ਦਾ ਇਹ ਸਿਤਾਰਾ ਕਦਮ-ਦਰ-ਕਦਮ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਆਕਾਸ਼ ਦੀਆਂ ਬੁੁਲੰਦੀਆਂ ਨੂੰ ਛੂਹ ਲਵੇ। ਆਮੀਨ!!! ਧੰਨਵਾਦ ਸਾਹਿਤ।

ਪਰਸ਼ੋਤਮ ਲਾਲ ਸਰੋਏ, ਸੰਪਾਦਕ/ਮੁੱਖ ਸੰਪਾਦਕ ਚਾਨਣ-ਮੁਨਾਰਾ ਅਖ਼ਬਾਰ। ਮੋਬਾ: +91-92175-44348

seculartvindia
Author: seculartvindia

Leave a Comment

Voting poll

What does "money" mean to you?
  • Add your answer

latest news