
ਨਵੀਂ ਦਿੱਲੀ, 27 ਅਪਰੈਲ/ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੀਨੀ ਹਮਰੁਤਬਾ ਲੀ ਸ਼ਾਂਗਫੂ ਨਾਲ ਗੱਲਬਾਤ ਕੀਤੀ। ਸਿੰਘ ਨੇ ਚੀਨ ਨੂੰ ਦਿੱਤੇ ਸੁਨੇਹੇ ’ਚ ਸਾਫ਼ ਕਰ ਦਿੱਤਾ ਕਿ ਭਾਰਤ-ਚੀਨ ਸਬੰਧਾਂ ਦਾ ਅੱਗੇ ਵਧਣਾ ਸਰਹੱਦ ’ਤੇ ਸ਼ਾਂਤੀ ਦੇ ਪਸਾਰ ਉੱਤੇ ਅਧਾਰਿਤ ਹੈ ਅਤੇ ਸਾਰੇ ਮੁੱਦਿਆਂ ਨੂੰ ਮੌਜੂਦਾ ਦੁਵੱਲੇ ਸਮਝੌਤਿਆਂ ਮੁਤਾਬਕ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਸਿੰਘ ਨੇ ਦੁਹਰਾਇਆ ਕਿ ਮੌਜੂਦਾ ਸਮਝੌਤਿਆਂ ਦੀ ਉਲੰਘਣਾ ਨੇ ਦੁਵੱਲੇ ਸਬੰਧਾਂ ਦੇ ਅਧਾਰ ਨੂੰ ‘ਖਤਮ’ ਕਰ ਦਿੱਤਾ ਹੈ। ਲੀ ਭਾਰਤ ਦੀ ਮੇਜ਼ਬਾਨੀ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿੱਚ ਹਾਜ਼ਰੀ ਭਰਨ ਲਈ ਨਵੀਂ ਦਿੱਲੀ ਵਿੱਚ ਹਨ। ਉਹ ਦੋ ਰੋਜ਼ਾ ਫੇਰੀ ਲਈ ਅੱਜ ਹੀ ਪੁੱਜੇ ਹਨ। ਪੂਰਬੀ ਲੱਦਾਖ ਵਿੱਚ ਤਿੰਨ ਸਾਲ ਪਹਿਲਾਂ ਸ਼ੁਰੂ ਹੋਏ ਸਰਹੱਦੀ ਵਿਵਾਦ ਮਗਰੋਂ ਕਿਸੇ ਚੀਨੀ ਰੱਖਿਆ ਮੰਤਰੀ ਦੀ ਇਹ ਪਲੇਠੀ ਭਾਰਤ ਫੇਰੀ ਹੈ। ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਭਾਰਤ ਤੇ ਚੀਨ ਦੀਆਂ ਥਲ ਸੈਨਾਵਾਂ ਨੇ ਸਰਹੱਦੀ ਵਿਵਾਦ ਨੂੰ ਖ਼ਤਮ ਕਰਨ ਲਈ ਪਿਛਲੇ ਦਿਨੀਂ ਫੌਜੀ ਪੱਧਰ ਦੀ 18ਵੇਂ ਗੇੜ ਦੀ ਗੱਲਬਾਤ ਕੀਤੀ ਹੈ।
ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਦੋਵਾਂ ਮੰਤਰੀਆਂ ਨੇ ਭਾਰਤ-ਚੀਨ ਸਰਹੱਦੀ ਇਲਾਕਿਆਂ ਦੇ ਮੌਜੂਦਾ ਹਾਲਾਤ ਦੇ ਨਾਲ ਦੁਵੱਲੇ ਰਿਸ਼ਤਿਆਂ ਬਾਰੇ ਵਿਚਾਰ ਚਰਚਾ ਕੀਤੀ। ਕੋਰ ਕਮਾਂਡਰਾਂ ਦੀ 23 ਅਪਰੈਲ ਦੀ ਇਸ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿੱਚ ਬਕਾਇਆ ਮੁੱਦਿਆਂ ਦਾ ਪਰਸਪਰ ਸਵੀਕਾਰਯੋਗ ਹੱਲ ਕੱਢਣ ਲਈ ਨੇੜਿਓਂ ਰਾਬਤਾ ਬਣਾ ਕੇ ਰੱਖਣ ਤੇ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ। ਉਂਜ ਅਜੇ ਤੱਕ ਜਮੂਦ ਨੂੰ ਤੋੜਨ ਲਈ ਕੋਈ ਸਪਸ਼ਟ ਪੇਸ਼ਕਦਮੀ ਨਜ਼ਰ ਨਹੀਂ ਆਈ। ਭਾਰਤ ਹਾਲਾਂਕਿ ਸਾਫ਼ ਕਰ ਚੁੱਕਾ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਅਮਨ ਬਿਨਾਂ ਚੀਨ ਨਾਲ ਰਿਸ਼ਤੇ ਆਮ ਵਾਂਗ ਨਹੀਂ ਹੋ ਸਕਦੇ। ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਵੀ ਅਗਲੇ ਹਫ਼ਤੇ (4 ਤੇ 5 ਮਈ ਨੂੰ) ਗੋਆ ਵਿੱਚ ਹੋ ਰਹੀ ਐੱਸਸੀਓ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਜ਼ਾਖਿਸਤਾਨ, ਇਰਾਨ ਤੇ ਤਾਜਿਕਿਸਤਾਨ ਦੇ ਆਪਣੇ ਹਮਰੁਤਬਾਵਾਂ ਨਾਲ ਵੱਖੋ ਵੱਖਰੀਆਂ ਬੈਠਕਾਂ ਕਰਕੇ ਦੁਵੱਲੇ ਮਸਲਿਆਂ ’ਤੇ ਗੱਲਬਾਤ ਕੀਤੀ।
-ਪੀਟੀਆਈ