
ਹੁਸ਼ਿਆਰਪੁਰ,9 ਅਪ੍ਰੈਲ (ਪੱਤਰ ਪ੍ਰੇਰਕ) ਸਾਲ 2022 ਦੇ ਨਵੰਬਰ ਮਹੀਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਸਿਹਤ ਅਧਿਕਾਰੀਆਂ ਦਾ ਪੱਤਰਕਾਰਾਂ ਨਾਲ ਹੋਇਆ ਵਿਵਾਦ ਇੱਕ ਵਾਰ ਫਿਰ ਉੱਭਰ ਕੇ ਸਾਹਮਣੇ ਆ ਗਿਆ ਜਦੋਂ ਇਸ ਮਾਮਲੇ ਵਿੱਚ ਮਾਣਯੋਗ ਅਦਾਲਤ ਵੱਲੋੰ ਪੱਤਰਕਾਰਾਂ ਦੀ ਸ਼ਿਕਾਇਤ ‘ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਮਹਿਲਾ ਐੱਸਐੱਮਓ ਸਮੇਤ ਪੰਜ ਸਿਹਤ ਕਰਮਚਾਰੀਆਂ ਨੂੰ ਮਾਣਹਾਨੀ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪੱਤਰਕਾਰ ਤਰਸੇਮ ਦੀਵਾਨਾ ਨੇ ਵਿਸ਼ੇਸ਼ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋੰ ਮਾਣਯੋਗ ਅਦਾਲਤ ਵਿੱਚ ਐਡਵੋਕੇਟ ਰਘਵੀਰ ਸਿੰਘ ਟੇਰਕਿਆਣਾ ਰਾਹੀ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ ਵਿੱਚ ਮਾਣਯੋਗ ਅਦਾਲਤ ਵੱਲੋੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਇੰਚਾਰਜ ਐੱਸਐੱਮਓ ਡਾ.ਸਵਾਤੀ,ਡਾ.ਸੁਨੀਲ ਭਗਤ,ਡਾ.ਨਵਜੋਤ ਸਿੰਘ ਸਰਜੀਕਲ ਸਪੈਸ਼ਲਿਸ਼ਟ,ਸਟਾਫ ਨਰਸ ਗੁਰਜੀਤ ਕੌਰ ਸੈਣੀ,ਆਕਸੀਜਨ ਵਿਭਾਗ ਦੇ ਸਚਿਨ ਖਿਲਾਫ ਸੰਮਨ ਜਾਰੀ ਕੀਤੇ ਗਏ ਹਨ।ਇਸ ਤੋਂ ਇਲਾਵਾ ਉਕਤ ਖਿਲਾਫ ਵੱਖਰੇ ਤੌਰ ‘ਤੇ ਕ੍ਰਿਮੀਨਲ ਕੰਪਲੇਟ ਵੀ ਦਾਇਰ ਕੀਤੀ ਗਈ ਹੈ ਜੋ ਕਿ ਮਾਣਯੋਗ ਅਦਾਲਤ ਦੇ ਵਿਚਾਰ ਅਧੀਨ ਹੈ।ਤਰਸੇਮ ਦੀਵਾਨਾ ਨੇ ਦੱਸਿਆ ਕਿ ਪਿਛਲੇ ਸਾਲ ਦੇ ਨਵੰਬਰ ਮਹੀਨੇ ਵਿੱਚ ਹੋਏ ਉਕਤ ਵਿਵਾਦ ਦੌਰਾਨ ਉਨ੍ਹਾਂ ਨੂੰ ਜਨਤਕ ਤੌਰ ‘ਤੇ ਜਾਅਲੀ ਪੱਤਰਕਾਰ ਦੇਬਨਾਲ ਨਾਲ ਹੋਰ ਵੀ ਬਹੁਤ ਕੁਝ ਕਿਹਾ ਗਿਆ ਜਦਕਿ ਪਿਛਲੇ 22-23 ਸਾਲਾਂ ਤੋਂ ਉਹ ਪੰਜਾਬ ਸਰਕਾਰ ਦੇ ਰਿਕਾਰਡ ਵਿੱਚ ਪੱਤਰਕਾਰ ਵੱਜੋਂ ਰਜਿਸਟਰਡ ਹਨ। ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਉਕਤ ਸਿਹਤ ਅਧਿਕਾਰੀਆਂ ਵੱਲੋਂ ਅਜਿਹਾ ਕਰਕੇ ਮੇਰੇ ਸਵੈਮਾਣ ( ਛਵੀ ) ਨੂੰ ਜਨਤਕ ਤੌਰ ‘ਤੇ ਠੇਸ ਪਹੁਚਾਈ ਹੈ।ਇਸ ਤੋੰ ਬਾਅਦ ਵੀ
ਹੋਰਨਾਂ ਸਿਹਤ ਕਰਮੀਆਂ ਦੀ ਸਹਾਇਤਾ ਨਾਲ ਧਰਨਾ ਮੁਜ਼ਾਹਰਾ ਕਰਦਿਆਂ ਕਾਫੀ ਦਿਨ ਸਪੀਕਰ ਲਗਾ ਕੇ ਜਨਤਕ ਤੌਰ ‘ਤੇ ਬਦਨਾਮੀ ਕੀਤੀ ਗਈ।ਜਿਸ ਕਾਰਣ ਉਨ੍ਹਾਂ ਨੂੰ ਮਜਬੂਰ ਹੋ ਕੇ ਕਾਨੂੰਨ ਦਾ ਦਰਵਾਜ਼ਾ ਖਟਕਾਉਣਾ ਪਿਆ ਹੈ।ਉਨ੍ਹਾਂ ਨੂੰ ਇਸ ਮਾਮਲੇ ਵਿੱਚ ਇਨਸਾਫ ਨਾ ਮਿਲਣ ਅਤੇ ਬੇਲੋੜੀ ਪਰੇਸ਼ਾਨੀ ਝੱਲਣ ਕਾਰਣ ਮਜਬੂਰ ਹੋ ਕੇ ਉਕਤ ਕਦਮ ਉਠਾਉਣਾ ਪਿਆ ਹੈ ।