February 4, 2026 8:08 pm

ਕੇਕੇਯੂ ਨੇ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ‘ਚ ਖੇਤੀ ਖੇਤਰ ‘ਤੇ ਕਾਰਪੋਰੇਟ ਨੀਤੀਆਂ ਦੇ ਹਮਲੇ ਨੂੰ ਰੋਕਣ ਲਈ ਜੂਝਣ ਦਾ ਲਿਆ ਸੰਕਲਪ

Share:

ਦਲਜੀਤ ਕੌਰ/ਚੰਡੀਗੜ੍ਹ/ਮੋਗਾ, 5 ਅਪ੍ਰੈਲ, 2023: ਕਿਰਤੀ ਕਿਸਾਨ ਯੂਨੀਅਨ ਦੇ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਦੇ ਦੂਜੇ ਦਿਨ ਖ਼ਬਰ ਲਿਖੇ ਜਾਣ ਤੱਕ ਪੰਦਰਾਂ ਜ਼ਿਲ੍ਹਿਆਂ ‘ਚੋਂ ਸ਼ਾਮਲ ਹੋਏ ਡੈਲੀਗੇਟਾਂ ਵਲੋਂ ਆਉਣ ਵਾਲੇ ਸਮੇਂ ਵਿੱਚ ਖੇਤੀ ਖੇਤਰ ਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਹਮਲੇ ਵਿਰੁੱਧ ਅਤੇ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਤਾਕਤਾਂ ਦੇ ਕੀਤੇ ਜਾ ਰਹੇ ਕੇਂਦਰੀਕਰਨ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
ਇਜਲਾਸ ਦੌਰਾਨ ਜੱਥੇਬੰਦੀ ਵੱਲੋਂ ਲੜੇ ਗਏ ਸੰਘਰਸ਼ਾਂ ਦੀ ਪੇਸ਼ ਕੀਤੀ ਮੁਲਾਂਕਣ ਰਿਪੋਰਟ ਅਤੇ ਜੱਥੇਬੰਦੀ ਦੀ ਮਜ਼ਬੂਤ ਉਸਾਰੀ ਕਰਨ ਲਈ ਪੇਸ਼ ਕੀਤੇ ਮਤੇ ਉੱਪਰ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਹੋਇਆ। ਇਸ ਵਿਚਾਰ ਚਰਚਾ ਮਗਰੋਂ ਉਨ੍ਹਾਂ ਛੇ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਨ੍ਹਾਂ ਉੱਤੇ ਆਉਣ ਵਾਲੇ ਸਮੇਂ ਵਿੱਚ ਕਿਰਤੀ ਕਿਸਾਨ ਯੂਨੀਅਨ ਕਿਸਾਨਾਂ ਨੂੰ ਲਾਮਬੰਦ ਕਰੇਗੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਮੁੱਦਿਆਂ ਵਿੱਚ ਹਰੇ ਇਨਕਲਾਬ ਦੇ ਖੇਤੀ ਵਿਕਾਸ ਮਾਡਲ ਦੇ ਬਦਲ ਵਜੋਂ ਹੰਢਣਸਾਰ, ਕੁਦਰਤ ਪੱਖੀ ਅਤੇ ਲਾਭਕਾਰੀ ਖੇਤੀ ਮਾਡਲ ਦੀ ਉਸਾਰੀ ਲਈ ਅਤੇ ਖੇਤੀ ਪੈਦਾਵਾਰ ਦੀ ਐਮ ਐਸ ਪੀ (ਸੀ2+50% ਫਾਰਮੂਲੇ) ਤੇ ਖਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਲਈ ਸਰਕਾਰ ਨੂੰ ਮਜਬੂਰ ਕਰਨ ਲਈ, ਕਿਸਾਨਾਂ ਉੱਪਰ ਚੜ੍ਹੇ ਕਰਜ਼ੇ ਨੂੰ ਰੱਦ ਕਰਵਾਉਣ, ਆਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਸੰਘਰਸ਼ ਕਰਨ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਜਿਨ੍ਹਾਂ ਵਿੱਚ ਸੂਬੇ ਦੇ ਦਰਿਆਈ ਪਾਣੀਆਂ ਦਾ ਰਿਪੇਰੀਅਨ ਸਿਧਾਂਤ ਤਹਿਤ ਸੂਬੇ ਨੂੰ ਹੱਕ ਦੇਣ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਦੇਣ ਦੇ ਨਾਅਰੇ ਤਹਿਤ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ। ਇਜਲਾਸ ਨੇ ਭਾਰਤ ਪਾਕਿਸਤਾਨ ਵਪਾਰ ਵਾਹਘਾ ਤੇ ਹੂਸੈਨੀਵਾਲਾ ਬਾਰਡਰ ਰਾਹੀਂ ਖੋਲਣ ਦੀ ਵੀ ਮੰਗ ਕੀਤੀ ਤੇ ਇਸ ਲਈ ਲਾਮਬੰਦੀ ਦਾ ਸੱਦਾ ਵੀ ਦਿੱਤਾ।
ਇਜਲਾਸ ਦੌਰਾਨ ਡੈਲੀਗੇਟਾਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਖੇਤੀ ਪੈਟਰਨ ਅਤੇ ਉਸ ਨਾਲ ਜੁੜੀਆਂ ਸੱਮਸਿਆਵਾਂ ਦੇ ਹੱਲ ਲਈ ਗੰਭੀਰਤਾ ਨਾਲ ਵਿਚਾਰ ਕਰਦਿਆਂ ਸਿੱਟਾ ਕੱਢਿਆ ਕਿ ਅੱਜ ਦੱਖਣ ਪੱਛਮੀ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਪੀਣ ਅਤੇ ਖੇਤੀ ਲਈ ਸਾਫ ਅਤੇ ਨਿਰਮਲ ਨਹਿਰੀ ਪਾਣੀ ਦੀ ਲੋੜ ਪਹਿਲਾ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਨਾਲ ਹੀ ਇਹ ਸਿੱਟਾ ਵੀ ਕੱਢਿਆ ਗਿਆ ਕਿ ਜ਼ਮੀਨ ਹੇਠਲੇ ਪਾਣੀ ਦੇ ਰੀਚਾਰਜ਼ ਲਈ ਨਹਿਰਾਂ ਦੇ ਤਲ ਕੱਚੇ ਰੱਖਣ ਦੀ ਲੋੜ ਹੈ ਇਸ ਲਈ ਸਰਕਾਰ ਦੀ ਤਲ ਪੱਕੇ ਕਰਨ ਦੀ ਨੀਤੀ ਦਾ ਜੋਰਦਾਰ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹਾਜ਼ਰ ਡੈਲੀਗੇਟਾਂ ਨੇ ਸੂਬੇ ਵਿੱਚ ਕੱਸੀਆਂ ਅਤੇ ਰਜਬਾਹਿਆਂ ਦਾ ਵਿਸਥਾਰ ਕਰਨ ਦੀ ਲੋੜ ਨੂੰ ਵੀ ਜ਼ੋਰ ਸ਼ੋਰ ਨਾਲ ਉਭਾਰਦਿਆਂ ਧੂਰੀ-ਸ਼ੇਰਪੁਰ ਇਲਾਕਾ ਅਤੇ ਦੋ ਦਰਿਆਵਾਂ ਦੇ ਵਿਚਾਲੇ ਸਥਿਤ ਕਪੂਰਥਲਾ ਜ਼ਿਲ੍ਹੇ ਵਿੱਚ ਰਜਬਾਹਿਆਂ ਦੀ ਲਗਭਗ ਅਣਹੌਂਦ ਦੇ ਮਾਮਲਿਆਂ ਉੱਤੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ।
ਇਸ ਇਜਲਾਸ ਵਿੱਚ ਨਿਰਭੈ ਸਿੰਘ ਢੁੱਡੀਕੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਦੁਬਾਰਾ ਸੂਬਾ ਪ੍ਰਧਾਨ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਸੂਬਾ ਜਰਨਲ ਸਕੱਤਰ, ਦੋ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਜਤਿੰਦਰ ਸਿੰਘ ਛੀਨਾ ਅਤੇ ਸੂਬਾ ਖਜ਼ਾਨਚੀ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਰਾਮਿੰਦਰ ਸਿੰਘ ਪਟਿਆਲਾ ਜੱਥੇਬੰਦੀ ਦੇ ਪ੍ਰੈੱਸ ਸਕੱਤਰ ਚੁਣੇ ਗਏ। ਸੂਬਾ ਇਜਲਾਸ ਨੇ 25 ਮੈਂਬਰ ਸੂਬਾ ਕਮੇਟੀ ਦੀ ਕੀਤੀ ਚੋਣ ਕੀਤੀ। ਇਸ ਮੌਕੇ ਸੂਬਾ ਅਹੁਦੇਦਾਰਾਂ ਤੋਂ ਇਲਾਵਾ, ਚਮਕੌਰ ਸਿੰਘ ਰੋਡੇ, ਬਲਜੀਤ ਸਿੰਘ ਲੰਡੇ ਰੋਡੇ, ਭੁਪਿੰਦਰ ਸਿੰਘ ਲੌਂਗੋਵਾਲ, ਜਰਨੈਲ ਸਿੰਘ ਜਹਾਂਗੀਰ, ਸੁਰਿੰਦਰ ਸਿੰਘ ਬੈਂਸ, ਸਤਿਬੀਰ ਸਿੰਘ ਸੁਲਤਾਨੀ, ਭੁਪਿੰਦਰ ਸਿੰਘ ਵੜੈਚ, ਜਗਤਾਰ ਸਿੰਘ ਭਿੰਡਰ, ਤਰਸੇਮ ਸਿੰਘ ਬੰਨੇਮੱਲ, ਬਲਵਿੰਦਰ ਸਿੰਘ ਭੁੱਲਰ, ਹਰਦੀਪ ਕੌਰ ਕੋਟਲਾ, ਸੰਤੋਖ ਸਿੰਘ ਸੰਧੂ, ਸੁਖਦੇਵ ਸਿੰਘ ਸਹਿੰਸਰਾ, ਨਛੱਤਰ ਸਿੰਘ ਤਰਨਤਾਰਨ, ਡਾ.ਸੁਖਚੈਨ ਸਿੰਘ ਤੋਂ ਇਲਾਵਾ ਦੋ ਇਨਵਾਇਟੀ ਮੈਂਬਰ ਅਤੇ ਦੋ ਸੀਟਾਂ ਖਾਲੀ ਰੱਖੀਆਂ ਗਈਆਂ ਹਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news