
ਦਲਜੀਤ ਕੌਰ/ਸੰਗਰੂਰ, 28 ਅਪ੍ਰੈਲ, 2023: ਅੱਜ ਸੰਗਰੂਰ ਵਿਖੇ ਡੀਸੀ ਦਫ਼ਤਰ ਵਿੱਚ 4161 ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਕੀਤੀ ਗਈ। ਜਿਸ ਵਿਚ 1 ਮਈ ਨੂੰ ਅਨੰਦਪੁਰ ਸਾਹਿਬ ਅਣਮਿਥੇ ਸਮੇਂ ਲਈ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਸੰਦੀਪ ਗਿੱਲ ਅਤੇ ਖੁਸ਼ਦੀਪ ਸੰਗਰੂਰ ਨੇ ਦੱਸਿਆ ਕਿ 5 ਜਨਵਰੀ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ, ਪਰ ਅੱਜ ਲਗਭਗ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਹੁਣ ਤਕ ਇਹਨਾਂ ਅਧਿਆਪਕਾਂ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ। 4161 ਅਧਿਆਪਕਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੇ ਜਲਦੀ ਸਕੂਲਾਂ ਵਿਚ ਭੇਜਿਆ ਜਾਵੇ। ਏਥੇ ਇਹ ਗੱਲ ਦੱਸਣਯੋਗ ਹੈ ਕੇ ਇਹਨਾਂ ਇਹਨਾਂ ਅਧਿਆਪਕਾਂ ਵੱਲੋਂ 2 ਅਪ੍ਰੈਲ ਨੂੰ ਵੀ ਅਨੰਦਪੁਰ ਸਾਹਿਬ ਵਿਖੇ ਪੱਕਾ ਧਰਨਾ ਲਗਾਇਆ ਗਿਆ ਸੀ। ਜਿਸ ਵਿੱਚ ਸਰਕਾਰ ਵੱਲੋਂ ਲਿਖਤੀ ਵਿਚ ਭਰੋਸਾ ਦਿੱਤਾ ਗਿਆ ਸੀ ਕੇ ਅਪ੍ਰੈਲ ਮਹੀਨੇ ਦੇ ਅਖੀਰ ਤੱਕ ਇਹਨਾਂ ਅਧਿਆਪਕਾਂ ਦੀ ਟ੍ਰੇਨਿੰਗ ਲਗਾ ਦਿੱਤੀ ਜਾਵੇਗੀ, ਪਰ ਸਰਕਾਰ ਦਾ ਭਰੋਸਾ ਵੀ ਅੱਗੇ ਦੀ ਤਰਾਂ ਲਾਰਾ ਹੀ ਸਾਬਤ ਹੋਇਆ।
ਦੱਸਣਯੋਗ ਹੈ ਕੇ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਬਹੁਤ ਸਾਰੇ ਅਧਿਆਪਕਾਂ ਨੇ ਆਪਣੀ ਪ੍ਰਾਈਵੇਟ ਨੌਕਰੀ ਛੱਡ ਦਿੱਤੀ ਸੀ ਅਤੇ 4 ਮਹੀਨਿਆਂ ਤੋਂ ਸਕੂਲਾਂ ਵਿੱਚ ਜਾਣ ਦੀ ਉਡੀਕ ਕਰਦੇ ਹੋਏ ਇਹਨਾਂ ਅਧਿਆਪਕਾਂ ਦੀ ਆਰਥਿਕ ਹਾਲਤ ਵੀ ਖਰਾਬ ਹੋ ਚੁੱਕੀ ਹੈ। ਜਿਸ ਕਾਰਨ ਅਧਿਆਪਕ ਭਾਰੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਦੀ ਲੰਘ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕੇ ਸਰਕਾਰ ਨੇ ਸਕੂਲਾਂ ਵਿਚ ਭੇਜਣ ਦਾ ਵਾਅਦਾ ਨਾ ਪੂਰਾ ਕੀਤਾ ਤਾਂ 1 ਮਈ ਨੂੰ ਦੁਬਾਰਾ ਅਨੰਦਪੁਰ ਸਾਹਿਬ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ।
ਇਸ ਮੌਕੇ ਤੇ ਗੁਰਜੀਤ ਕੌਰ, ਹਰਜਿੰਦਰ ਕੌਰ ਢਿੱਲੋਂ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਿਤ ਸੰਗਰੂਰ, ਬ੍ਰਿਜ ਕੋਟੜਾ, ਰਣਜੀਤ ਕੋਟੜਾ, ਅਵਤਾਰ ਸਿੰਘ, ਗੁਰਪਿਆਰ ਸਿੰਘ, ਜਗਸੀਰ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ ਆਦਿ ਬੇਰੁਜ਼ਗਾਰ ਅਧਿਆਪਕ ਆਗੂ ਹਾਜਿਰ ਸਨ।