
ਦਲਜੀਤ ਕੌਰ/ਪਟਿਆਲਾ, 11 ਅਗਸਤ, 2023: ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਵਿੱਚ ਭਾਜਪਾ ਦੇ ਮੈਂਬਰ ਪਾਰਲੀਮੈਂਟ ਅਤੇ ਆਪ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨਾ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਲਾਗੂ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਮੀਟਿੰਗ, ਸ੍ਰੀ ਧਰਮਪਾਲ ਸੀਲ ਦੀ ਪ੍ਰਧਾਨਗੀ ਹੇਠ ਗੁਰੂਦਵਾਰਾ ਦੁੱਖ ਨਿਵਾਰਨ ਵਿਖੇ ਹੋਈ। ਮੀਟਿੰਗ ਦੌਰਾਨ ਮੋਰਚੇ ਦੀ ਦਿਸ਼ਾ ਤਹਿਤ ਫੈਸਲਾ ਕੀਤਾ ਗਿਆ ਕਿ ਪਟਿਆਲਾ ਜਿਲ੍ਹੇ ਵਿੱਚ ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਨੀਤ ਕੌਰ, ਪਟਿਆਲਾ ਦੇ ਸ਼ਹਿਰੀ ਤੇ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਸਮਾਣਾ, ਸ਼ਤਰਾਣਾ, ਨਾਭਾ ਹਲਕੇ ਦੇ ਐੱਮ, ਐੱਲ, ਏਜ ਦੇ ਘਰਾਂ ਅੱਗੇ ਧਰਨਾ ਦੇਣ ਉਪਰੰਤ ਹੜ੍ਹ ਪੀੜਤ ਪਰਿਵਾਰਾਂ ਦੇ ਯੋਗ ਮੁਆਵਜੇ ਲਈ ਮੰਗ ਪੱਤਰ ਦਿੱਤੇ ਜਾਣਗੇ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਕਿ ਮੰਗ ਪੱਤਰ ਹਲਕੇ ਦੇ ਸੰਬਧਿਤ ਜਿੰਮੇਵਾਰ ਆਗੂਆਂ ਨੂੰ ਹੀ ਸੌਂਪੇ ਜਾਣਗੇ, ਉਨ੍ਹਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਯਾਂ ਪੀ, ਏ, ਨੂੰ ਬਿਲਕੁਲ ਵੀ ਨਹੀਂ ਦਿੱਤੇ ਜਾਣਗੇ, ਸਗੋਂ ਅਜਿਹੇ ਗੈਰ ਜਿੰਮੇਵਾਰ ਮੰਤਰੀ, ਮੈਂਬਰ ਪਾਰਲੀਮੈਂਟ ਯਾਂ ਵਿਧਾਇਕ ਦੇ ਖਿਲਾਫ਼ ਸਖ਼ਤ ਰੋਸ ਵਜੋਂ ਤਿੱਖਾ ਪ੍ਰਤੀਕਰਮ ਕਰਦਿਆਂ ਮੁਜਾਹਰਾ ਕੀਤਾ ਜਾਵੇਗਾ। ਇਸ ਲਈ ਇਹ ਲੋਕ ਨੁਮਾਇੰਦੇ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਆਪਣੇ ਫ਼ਰਜ ਯਾਦ ਰੱਖ ਕੇ ਖੁਦ ਆਪ ਧਰਨੇ ਦੌਰਾਨ ਮੰਗ ਪੱਤਰ ਪ੍ਰਾਪਤ ਕਰਨ। ਇਸ ਲਈ ਉਚੇਚਾ ਧਿਆਨ ਦੇਣ ਦੀ ਲੋੜ ਅਨੁਸਾਰ ਆਪਣਾ ਸਮਾਂ ਉਨ੍ਹੀ ਅਗਸਤ, ਦਿਨ ਦੇ ਗਿਆਰਾਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਵਿਹਲਾ ਰੱਖਣ। ਉਸਦੇ ਨਾਲ ਹੀ ਸਬੰਧਿਤ ਹਲਕੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਅਗਸਤ ਸਾਂਝੀਆ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੁਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਦਵਿੰਦਰ ਸਿੰਘ ਪੂਨੀਆ, ਗੁਰਵਿੰਦਰ ਸਿੰਘ ਲੰਗ, ਰਣਜੀਤ ਸਿੰਘ ਆਕੜ, ਗੁਰਮੀਤ ਸਿੰਘ, ਰਮੇਸ਼ ਅਜਾਦ, ਦੀਦਾਰ ਸਿੰਘ ਸ਼ਾਮਲ ਹੋਏ।