
ਦਲਜੀਤ ਕੌਰ/ਸੰਗਰੂਰ, 5 ਜੁਲਾਈ, 2023: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ‘ਤੇ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਵੱਲੋਂ ਯੋਗਤਾ ਮਿਤੀ 01.01.2024 ਦੇ ਅਧਾਰ ‘ਤੇ ਹੋਣ ਵਾਲੀ ਵਿਸ਼ੇਸ਼ ਸਰਸਰੀ ਸੁਧਾਈ ਅਤੇ ਜ਼ਿਲ੍ਹੇ ਨਾਲ ਸਬੰਧਤ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਪਹਿਲੇ ਪੜਾਅ ਵਿੱਚ ਪ੍ਰੀ-ਰਵੀਜਨ ਗਤੀਵਿਧੀਆਂ ਤਹਿਤ ਬੀ.ਐਲ.ਓਜ਼ ਵੱਲੋਂ ਮਿਤੀ 21 ਜੁਲਾਈ 2023 ਤੋਂ ਮਿਤੀ 21 ਅਗਸਤ 2023 ਤੱਕ ਘਰ-ਘਰ ਜਾ ਕੇ ਮੌਜੂਦਾ ਵੋਟਰਾਂ ਸੂਚੀ ਵਿੱਚ ਦਰਜ ਵੋਟਰਾਂ ਦੀ ਵੈਰੀਫ਼ਿਕੇਸ਼ਨ ਕੀਤੀ ਜਾਣੀ ਹੈ ਅਤੇ ਇਹ ਕੰਮ ਬੀ.ਐਲ.ਓ. ਮੋਬਾਈਲ ਐਪ ਰਾਹੀਂ ਕੀਤਾ ਜਾਣਾ ਹੈ। ਇਸ ਸਮੇਂ ਦੌਰਾਨ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਮਿਤੀ 15 ਸਤੰਬਰ 2023 ਤੱਕ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਕੀਤਾ ਜਾਣਾ ਹੈ। ਮਿਤੀ 17 ਅਕਤੂਬਰ 2023 ਨੂੰ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਣੀ ਹੈ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਚਰਚਾ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 1500 ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਮਿਤੀ 20 ਅਗਸਤ 2023 ਤੋਂ 20 ਸਤੰਬਰ 2023 ਤੱਕ ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਕੀਤੀ ਜਾਣੀ ਹੈ।
ਸਹਾਇਕ ਕਮਿਸ਼ਨਰ ਵੱਲੋਂ ਯੋਗਤਾ ਮਿਤੀ 01.01.2024 ਦੇ ਅਧਾਰ ‘ਤੇ ਹੋਣ ਵਾਲੀ ਵਿਸ਼ੇਸ਼ ਸਰਸਰੀ ਸੁਧਾਈ ਦੇ ਪ੍ਰੋਗਰਾਮ ਦੀ ਚਰਚਾ ਕੀਤੀ ਗਈ ਅਤੇ ਇਹ ਪ੍ਰੋਗਰਾਮ ਮੌਜੂਦ ਪ੍ਰਤੀਨਿਧੀਆਂ ਨਾਲ ਸਾਂਝਾ ਕੀਤਾ ਗਿਆ ਅਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਆਮ ਜਨਤਾ ਅਤੇ ਬੀ.ਐਲ.ਓਜ਼ ਦੀ ਵੋਟਾਂ ਸਬੰਧੀ ਕੰਮ ਦੀ ਸਹੂਲਤ ਲਈ ਹਰੇਕ ਪੋਲਿੰਗ ਬੂਥ ਤੇ ਬੂਥ ਲੈਵਲ ਏਜੰਟ (ਬੀ.ਐਲ.ਏ) ਦੀ ਨਿਯੁਕਤੀ ਕੀਤੀ ਜਾਵੇ । ਇਸ ਤੋਂ ਇਲਾਵਾ ਉਹਨਾਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਦੇ ਤੌਰ ਤੇ ਰਜਿਸਟਰ ਹੋਣ ਸਬੰਧੀ ਉਤਸ਼ਾਹਤ ਕਰਨ ਲਈ ਵੀ ਬੇਨਤੀ ਕੀਤੀ ਗਈ ਅਤੇ 18-19 ਸਾਲ ਉਮਰ ਵਰਗ ’ਚੋ ਵੋਟਰ ਰਜਿਸਟ੍ਰੇਸ਼ਨ ਦਾ ਟੀਚਾ ਪੂਰਾ ਕਰਨ ਵਿੱਚ ਪ੍ਰਸ਼ਾਸ਼ਨ ਦਾ ਸਾਥ ਦੇਣ ਲਈ ਅਪੀਲ ਕੀਤੀ ਗਈ। ਰਾਜਨੀਤਿਕ ਪਾਰਟੀਆਂ ਦੇ ਨੁਮਾਂਇੰਦਿਆਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਵੀ ਹਿੱਸਾ ਲੈਣ ਲਈ ਕਿਹਾ ਗਿਆ ਤਾਂ ਜੋ ਉਹਨਾਂ ਨੂੰ ਚੋਣਾਂ ਸਬੰਧੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਸਹਾਇਕ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਦਾ ਕੰਮ ਵੀ ਨਾਲੋ-ਨਾਲ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਤਹਿਸੀਲਦਾਰ ਚੋਣਾਂ ਵਿਜੇ ਕੁਮਾਰ ਅਤੇ ਵੱਖ-ਵੱਖ ਪਾਰਟੀਆਂ ਦੇ ਪ੍ਰਤੀਨਿਧ ਸ਼ਾਮਲ ਹੋਏ।