
ਹੁਸ਼ਿਆਰਪੁਰ 28 ਮਈ ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਐਤਵਾਰ ਸਵੇਰੇ ਫਿੱਟ ਬਾਈਕਰ ਕਲੱਬ ਤੇ ਬਲ-ਬਲ ਸੇਵਾ ਸੁਸਾਇਟੀ ਵੱਲੋਂ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ, ਜਿਸ ਉਪਰੰਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਇਹ ਰੈਲੀ ਸ਼ਹਿਰ ਦੇ ਵਾਰਡ ਨੰਬਰ-49 ਅਤੇ ਵਾਰਡ ਨੰਬਰ-50 ਵਿੱਚ ਪੁੱਜੀ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਰੈਲੀ ਦੌਰਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਸਾਈਕਲਿਸਟ ਤੇ ਸੁਸਾਇਟੀ ਦੇ ਮੈਂਬਰਾਂ ਨੇ ਘਰ-ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਇਸ ਗੱਲ ਪ੍ਰਤੀ ਜਾਗਰੂਕ ਕੀਤਾ ਕਿ ਉਹ ਘਰ ਵਿੱਚ ਆਉਣ ਵਾਲੇ ਪਲਾਸਟਿਕ ਨੂੰ ਘਰ ਤੋਂ ਬਾਹਰ ਕੱਢਣ ਸਮੇਂ ਦੂਸਰੇ ਕੂੜੇ ਵਿੱਚ ਮਿਕਸ ਨਾ ਕਰਨ ਬਲਕਿ ਇੱਕ ਅਲੱਗ ਕੂੜੇਦਾਨ ਵਿੱਚ ਪਲਾਸਟਿਕ ਦੀ ਵੇਸਟ ਨੂੰ ਰੱਖਿਆ ਜਾਵੇ ਤੇ ਜਦੋਂ ਉਕਤ ਕੂੜਾਦਾਨ ਪਲਾਸਟਿਕ ਨਾਲ ਭਰ ਜਾਵੇ ਤਦ ਇਸ ਦੀ ਜਾਣਕਾਰੀ ਫਿੱਟ ਬਾਈਕਰ ਕਲੱਬ ਤੇ ਬਲ-ਬਲ ਸੇਵਾ ਸੁਸਾਇਟੀ ਦੇ ਫੋਨ ਨੰਬਰ ’ਤੇ ਦਿੱਤੀ ਜਾਵੇ ਜਿਸ ਉਪਰੰਤ ਉਸ ਪਲਾਸਟਿਕ ਨੂੰ ਚੁੱਕ ਕੇ ਲਿਜਾਣ ਦੀ ਜਿੰਮੇਵਾਰੀ ਉਨ੍ਹਾਂ ਦੀ ਹੋਵੇਗੀ ਤੇ ਇਸ ਤਰ੍ਹਾਂ ਕਰਕੇ ਅਸੀਂ ਆਪਣੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰ ਸਕਦੇ ਹਾਂ। ਇਸ ਮੌਕੇ ਪਰਮਜੀਤ ਸੱਚਦੇਵਾ ਵੱਲੋਂ ਲੋਕਾਂ ਨੂੰ ਜੋ ਪੈਫਲੈਂਟ ਵੰਡੇ ਗਏ ਉਸ ਉੱਪਰ ਸੁਸਾਇਟੀ ਦੇ ਫੋਨ ਨੰਬਰ ਵੀ ਦਿੱਤੇ ਗਏ। ਇਸ ਸਮੇਂ ਮੰਤਰੀ ਜਿੰਪਾ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਹੈ ਲੇਕਿਨ ਪਿਛਲੇ ਕੁਝ ਸਾਲਾਂ ਦੌਰਾਨ ਪਲਾਸਟਿਕ ਦੀ ਵੇਸਟ ਨੇ ਸਾਡੇ ਚੌਗਿਰਦੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਜਿਸ ਨੂੰ ਬਚਾਉਣਾ ਸਾਡਾ ਕਰਤੱਵ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਵਿੱਚ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਕਦੇ ਵੀ ਕਾਮਯਾਬ ਨਹੀਂ ਹੋਇਆ ਜਾ ਸਕਦਾ ਇਸ ਲਈ ਸਭ ਨੂੰ ਮਿਲ ਕੇ ਪਲਾਸਟਿਕ ਰਹਿਤ ਵਾਤਾਵਰਣ ਸਿਰਜਣਾ ਚਾਹੀਦਾ ਹੈ। ਇਸ ਮੌਕੇ ਮੇਅਰ ਸੁਰਿੰਦਰ ਸ਼ਿੰਦਾ, ਪ੍ਰਵੀਨ ਸੈਣੀ ਸੀਨੀਅਰ ਡਿਪਟੀ ਮੇਅਰ, ਰੰਜੀਤਾ ਚੌਧਰੀ ਡਿਪਟੀ ਮੇਅਰ, ਕੌਂਸਲਰ ਸੁਨੀਤਾ ਬੰਗਾ, ਕੌਂਸਲਰ ਗੁਰਮੀਤ ਸਿੱਧੂ, ਕੌਂਸਲਰ ਵਿਜੇ ਕੁਮਾਰ ਅਗਰਵਾਲ, ਬਲ-ਬਲ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਕ੍ਰਿਸ਼ਨ ਕਾਜਲਾ, ਕੌਂਸਲਰ ਰਜਨੀ ਡਡਵਾਲ, ਰਮੇਸ਼ ਡਡਵਾਲ, ਬਲਵਿੰਦਰ ਰਾਣਾ, ਮੁਨੀਰ ਨਜਰ, ਉੱਤਮ ਸਾਬੀ, ਅਮਰਿੰਦਰ ਸੈਣੀ, ਗੁਰਮੇਲ ਸਿੰਘ, ਤਰਲੋਚਨ ਸਿੰਘ, ਗੁਰਿੰਦਰ ਸਿੰਘ, ਦੌਲਤ ਸਿੰਘ, ਸੌਰਵ ਸ਼ਰਮਾ, ਜਸਮੀਤ ਬੱਬਰ, ਸੰਜੀਵ ਸੋਹਲ, ਡਾ. ਭੱਲਾ, ਦਿਨੇਸ਼ ਕੁਮਾਰ ਆਦਿ ਵੀ ਮੌਜੂਦ ਸਨ।