
ਨਵੀਂ ਦਿੱਲੀ, 12 ਜੂਨ/ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਕਣਕ ਭੰਡਾਰ ਕਰਨ ਦੀ ਸੀਮਾ ਤੈਅ ਕਰ ਦਿੱਤੀ ਹੈ ਜੋ ਕਿ ਮਾਰਚ 2024 ਤੱਕ ਲਾਗੂ ਰਹੇਗੀ। ਪਿਛਲੇ 15 ਸਾਲਾਂ ਵਿਚ ਅਜਿਹਾ ਪਹਿਲੀ ਵਾਰ ਕੀਤਾ ਗਿਆ ਹੈ। ਇਸ ਦਾ ਕਾਰਨ ਕੀਮਤਾਂ ਨੂੰ ਵਧਣ ਤੋਂ ਰੋਕਣਾ ਦੱਸਿਆ ਗਿਆ ਹੈ। ਸਰਕਾਰ ਨੇ ‘ਓਪਨ ਮਾਰਕੀਟ ਸੇਲ ਸਕੀਮ’ (ਓਐਮਐੱਸਐੱਸ) ਤਹਿਤ ਵੱਡੇ ਖ਼ਪਤਕਾਰਾਂ ਤੇ ਵਪਾਰੀਆਂ ਨੂੰ ਜਾਰੀ ਕੀਤਾ 15 ਲੱਖ ਟਨ ਦਾ ਸਟਾਕ ਵੀ ਰੋਕਣ ਦਾ ਫ਼ੈਸਲਾ ਕੀਤਾ ਹੈ। ਸਕੀਮ ਤਹਿਤ ਪਹਿਲੇ ਗੇੜ ਵਿਚ ਇਹ ਕਣਕ ਕੇਂਦਰੀ ਪੂਲ ਵਿਚੋਂ ਦਿੱਤੀ ਜਾਣੀ ਸੀ। ਅਨਾਜ ਸਕੱਤਰ ਸੰਜੀਵ ਚੋਪੜਾ ਨੇ ਮੀਡੀਆ ਨੂੰ ਦੱਸਿਆ ਕਿ ਪਿਛਲੇ ਮਹੀਨੇ ਤੋਂ ਕਣਕ ਦੀਆਂ ਕੀਮਤਾਂ ਵਿਚ ਉਛਾਲ ਆਇਆ ਹੈ। ਮੰਡੀ ਪੱਧਰ ਉਤੇ ਇਹ ਵਾਧਾ ਕਰੀਬ 8 ਪ੍ਰਤੀਸ਼ਤ ਹੈ। ਹਾਲਾਂਕਿ ਕਣਕ ਦੀਆਂ ਥੋਕ ਤੇ ਪ੍ਰਚੂਨ ਕੀਮਤਾਂ ਐਨੀਆਂ ਨਹੀਂ ਵਧੀਆਂ ਹਨ। ਕਣਕ ਭੰਡਾਰ ਕਰਨ (ਸਟਾਕ) ਦੀ ਸੀਮਾ ਵਪਾਰੀਆਂ, ਥੋਕ ਵਿਕਰੇਤਾਵਾਂ, ਪ੍ਰਚੂਨ ਰੱਖਣ ਵਾਲਿਆਂ ਤੇ ਵੱਡੇ ਵਪਾਰੀਆਂ ਉਤੇ 31 ਮਾਰਚ ਤੱਕ ਲਾਗੂ ਰਹੇਗੀ।-ਪੀਟੀਆਈ