
ਵੈਨਕੂਵਰ, 27 ਅਪਰੈਲ//ਇਥੇ ਵੱਸਦੇ ਫਿਲੀਪੀਨੇ ਭਾਈਚਾਰੇ ਵਲੋਂ ਅੱਜ ਮਨਾਏ ਜਾ ਰਹੇ ਰਵਾਇਤੀ ਮੇਲੇ ਮੌਕੇ ਇਕੱਤਰ ਸੈਂਕੜੇ ਲੋਕਾਂ ਦੀ ਭੀੜ ਨੂੰ ਇੱਕ ਵਾਹਨ ਨੇ ਟੱਕਰ ਮਾਰੀ ਤੇ ਦੂਰ ਤੱਕ ਕੁਚਲਦਾ ਗਿਆ। ਇਸ ਹਾਦਸੇ ਵਿਚ ਕਈ ਲੋਕ ਮਾਰੇ ਗਏ ਤੇ ਦਰਜਨਾਂ ਜ਼ਖ਼ਮੀ ਦੱਸੇ ਜਾਂਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਐਬੀ ਅਤੇ ਸ਼ਹਿਰ ਦੇ ਮੇਅਰ ਕੈਨ ਸਿਮ ਨੇ ਇਸ ਮੰਦਭਾਗੀ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਘਟਨਾ ਤੋਂ ਬਾਅਦ ਪੁਲੀਸ ਤੇ ਬਚਾਅ ਦਲ ਨੇੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਦੱਸਿਆ ਗਿਆ ਹੈ ਕਿ ਘਟਨਾ ਤੋਂ ਦੋ ਘੰਟੇ ਬਾਅਦ ਤੱਕ ਵੀ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਨਹੀਂ ਸੀ ਪਹੁੰਚਾਇਆ ਜਾ ਸਕਿਆ ਤੇ ਨਾ ਹੀ ਮਾਰੇ ਗਏ ਲੋਕਾਂ ਦੀ ਗਿਣਤੀ ਹੋ ਸਕੀ ਸੀ।