
ਦਲਜੀਤ ਕੌਰ/ਲੌਂਗੋਵਾਲ, 28 ਅਪ੍ਰੈਲ, 2023: ਲੌਂਗੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਬੰਦ ਪਈ ਐਮਰਜੈਂਸੀ ਚਾਲੂ ਕਰਵਾਉਣ ਅਤੇ ਡਾਕਟਰਾਂ ਸਮੇਤ ਬਾਕੀ ਅਮਲੇ ਦੀਆਂ ਖਾਲੀ ਅਸਾਮੀਆਂ ਪੂਰੀਆਂ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਅਤੇ ਇਲਾਕਾ ਨਿਵਾਸੀਆਂ ਵੱਲੋਂ 2 ਮਈ ਤੋਂ ਲਾਏ ਜਾ ਰਹੇ ਪੱਕੇ ਮੋਰਚੇ ਦੀ ਤਿਆਰੀ ਦੇ ਮੱਦੇਨਜ਼ਰ ਅੱਜ ਪਿੰਡ ਢੱਡਰੀਆਂ ਅਤੇ ਲੌਂਗੋਵਾਲ ਵਿਖੇ ਮੀਟਿੰਗਾਂ ਕਰਵਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਅਤੇ ਇਸਤਰੀ ਵਿੰਗ ਦੇ ਆਗੂ ਜਸਵਿੰਦਰ ਕੌਰ ਲੌਂਗੋਵਾਲ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਸਿਹਤ ਸਹੂਲਤਾਂ ਅਤੇ ਸਿੱਖਿਆ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ ਜੋ ਚੋਣਾਂ ਤੋਂ ਬਾਅਦ ਹਵਾ ਹੋ ਗਏ। ਪੰਜਾਬ ਸਰਕਾਰ ਨੇ ਪਹਿਲਾਂ ਮੁਹੱਲਾ ਕਲੀਨਿਕਾਂ ਦਾ ਢੰਡੋਰਾ ਪਿੱਟਿਆ ਪਰ ਉਹ ਵੀ ਚੌਪਟ ਹੋ ਗਿਆ ਸਗੋਂ ਪਹਿਲਾਂ ਤੋਂ ਚਲ ਰਹੇ ਪ੍ਰਾਇਮਰੀ ਹੈਲਥ ਸੈਂਟਰ ਅਤੇ ਡਿਸਪੈਂਸਰੀਆਂ ਡਾਕਟਰਾਂ ਅਤੇ ਹੋਰ ਸਹੂਲਤਾਂ ਤੋਂ ਖਾਲੀ ਪਈਆਂ ਹਨ। ਲੌਂਗੋਵਾਲ ਵਿਖੇ ਪਰਜਾ ਮੰਡਲ ਲਹਿਰ ਦੇ ਦੇਸ਼-ਭਗਤ ਮਾਤਾ ਧਰਮ ਕੌਰ ਦੇ ਨਾਮ ਤੇ ਬਣਿਆ ਪ੍ਰਾਇਮਰੀ ਹੈਲਥ ਸੈਂਟਰ ਵੀ ਸਹੂਲਤਾਂ ਖੁਣੋਂ ਸਰਕਾਰ ਦਾ ਮੂੰਹ ਚਿੜਾ ਰਿਹਾ ਹੈ। ਲੌੌਂਗੋਵਾਲ ਸਮੇਤ ਇਸ ਇਲਾਕੇ ਦੇ ਲੱਖਾਂ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਹਨ।
ਕੇਕੇਯੂ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਫਰਵਰੀ ਮਹੀਨੇ ਲੋਕਾਂ ਵੱਲੋਂ ਕੀਤੇ ਸੰਘਰਸ਼ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਹਸਪਤਾਲ ਵਿਚ ਐਮਰਜੈਂਸੀ ਚਾਲੂ ਕਰਨ ਅਤੇ ਅਸਾਮੀਆਂ ਪੂਰੀਆਂ ਕਰਨ ਸਬੰਧੀ ਲੋਕਾਂ ਨਾਲ ਵਾਅਦਾ ਕੀਤਾ ਸੀ, ਪਰ ਉਹ ਵੀ ਵਫ਼ਾ ਨਹੀਂ ਹੋਇਆ। ਅਜੇ ਤੱਕ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਚਾਲੂ ਨਹੀਂ ਹੋਈ ਅਤੇ ਨਾ ਹੀ ਮਾਹਰ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਹੋਈਆਂ ਹਨ। ਸਿਹਤ ਸਹੂਲਤਾਂ ਨੂੰ ਪੂਰਾ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ 2 ਮਈ ਤੋਂ ਹਸਪਤਾਲ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈੈ, ਜਿਸ ਦੀ ਤਿਆਰੀ ਲਈ ਪਹਿਲਾਂ ਹਲਕੇ ਦੇ ਪਿੰਡਾਂ ਵਿੱਚ ਪੋਸਟਰ ਲਾਏ ਗਏ ਹਨ ਅਤੇ ਹੁਣ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈੈ।
ਆਗੂਆਂ ਨੇ ਦੱਸਿਆ ਕਿ ਅੱਜ ਪਹਿਲਾਂ ਪਿੰਡ ਢੱਡਰੀਆਂ ਵਿਖੇ ਰੱਤੋਕੇ, ਸਾਹੋਕੇ ਸਮੇਤ ਤਕੀਪੁਰ ਦੇ ਆਗੂਆਂ ਦੀ ਮੀਟਿੰਗ ਕਰਵਾ ਕੇ ਲਾਮਬੰਦੀ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਇਸੇ ਤਰਾਂ ਲੌਂਗੋਵਾਲ ਦੀ ਪੱਤੀ ਜੈਦ ਵਿਖੇ ਇਸਤਰੀ ਵਿੰਗ ਦੀ ਮੀਟਿੰਗ ਕਰਕੇ ਘਰ ਘਰ ਸੁਨੇਹੇ ਲਾਉਣ ਲਈ ਬੀਬੀਆਂ ਦੀ ਡਿਊਟੀ ਲਗਾਈ ਗਈ ਹੈ।
ਅੱਜ ਦੀ ਮੀਟਿੰਗ ਵਿੱਚ ਬਲਾਕ ਦੇ ਵਿੱਤ ਸਕੱਤਰ ਬਲਵਿੰਦਰ ਸਿੰਘ ਸਾਹੋਕੇ, ਬਲਾਕ ਆਗੂ ਬਲਵਿੰਦਰ ਸਿੰਘ, ਭਜਨ ਸਿੰਘ ਢੱਡਰੀਆਂ, ਯੂਥ ਵਿੰਗ ਆਗੂ ਰਵਿੰਦਰ ਸਿੰਘ ਤਕੀਪੁਰ ਅਤੇ ਸਾਹਿਬ ਸਿੰਘ, ਸੁਲਤਾਨ ਸਿੰਘ ਰੱਤੋਕੇ ਅਤੇ ਬੀਬੀਆਂ ਦੀ ਮੀਟਿੰਗ ਵਿੱਚ ਮਲਕੀਤ ਕੌਰ ਅਤੇ ਮਨਜੀਤ ਕੌਰ ਨੇ ਆਗੂ ਭੂਮਿਕਾ ਨਿਭਾਈ।