
ਨਵੀਂ ਦਿੱਲੀ, 11 ਜਨਵਰੀ//ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸੁੂਬਾਈ ਪੱਧਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਰਚ-ਅਪਰੈਲ ਮਹੀਨੇ ’ਚ ਹੋਣ ਵਾਲੀਆਂ ਚੋਣਾਂ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ। ਇਥੇ ਉਹ ਸੂਬਿਆਂ ਦੇ ਮੁੱਖ ਚੋਣ ਕਮਿਸ਼ਨਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਦਾ ਰਾਹ ਫਰਜ਼ ਅਤੇ ਸੰਕਲਪ ਦੀ ਯਾਤਰਾ ਹੈ। ਉਨ੍ਹਾਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਅਨੁਕੂਲ, ਸਾਰੇ ਹਿੱਸੇਦਾਰਾਂ ਨੂੰ ਸਭ ਤੋਂ ਵਧੀਆ ਚੋਣ ਪ੍ਰਕਿਰਿਆ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਤਿਆਰੀ ਵਿੱਚ ਵਿਸ਼ਵਾਸ ਪ੍ਰਗਟਾਇਆ। ਹੁਣੇ ਹੁਣੇ ਕਈ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਤਜ਼ਰਬੇ ਵੀ ਇਸ ਦੋ ਦਿਨਾ ਸਮੰਮੇਲਨ ’ਚ ਸਾਂਝੇ ਕੀਤੇ ਗਏ। ਇਸ ਮੌਕੇ ਚੋਣਾਂ ਦੀਆਂ ਤਿਆਰੀਆਂ, ਚੋਣ ਅਮਲ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਿਉਂਤਬੰਦੀ, ਇਲੈਕਟ੍ਰੋਲ ਰੋਲ, ਆਈਟੀ ਅਰਜ਼ੀਆਂ, ਡਾਟਾ ਮੈਨੇਜਮੈਂਟ ਅਤੇ ਈਵੀਐਮਜ਼ ਬਾਰੇ ਵੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਕੁਮਾਰ ਨੇ ਕਿਹਾ ਕਿ ਵੋਟਰਾਂ ’ਚ ਚੋਣ ਅਮਲ ਦੇ ਵਿਸ਼ਵਾਸ ਨੂੰ ਪੱਕਾ ਕਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਚੋਣ ਕਮਿਸ਼ਨਰ ਅਨੁਪ ਚੰਦਰ ਪਾਂਡੇ ਨੇ ਦੱਸਿਆ ਕਿ ਇਹ ਕਾਨਫਰੰਸ ਚੋਣ ਅਮਲ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਅਭਿਆਸਾਂ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਛੇ ਮਹੀਨੇ ਪਹਿਲਾਂ ਕਈ ਕਾਨਫਰੰਸਾਂ, ਵਰਕਸ਼ਾਪਾਂ, ਟੇ੍ਨਿੰਗਾਂ, ਸੈਮੀਨਾਰਜ਼ ਲਗਾਏ ਜਾ ਰਹੇ ਸਨ ਜਿਸ ਦੀ ਲਗਾਤਾਰਤਾ ’ਚ ਇਹ ਦੋ ਦਿਨਾ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨਫਰੰਸ ਦਾ ਮਕਸਦ ਚੋਣਾਂ ’ਚ ਦਰਪੇਸ਼ ਸਮੱਸਿਆਵਾਂ, ਸਮੱਸਿਆਵਾਂ ਦੇ ਹੱਲ, ਨਵੀਆਂ ਚੁਣੌਤੀਆਂ ਅਤੇ ਚੋਣ ਪ੍ਰਕਿਰਿਆ ’ਚ ਸੁਧਾਰਾਂ ’ਤੇ ਵਿਚਾਰ ਵਟਾਂਦਰਾ ਕਰਨਾ ਸੀ। -ਪੀਟੀਆਈ