
ਨਵੀਂ ਦਿੱਲੀ: ਮੁਸਲਿਮ ਭਾਈਚਾਰੇ ਨੇ ਅੱਜ ਇਮਾਮ ਹੁਸੈਨ ਦੇ ਸ਼ਹੀਦੀ ਦਿਵਸ ‘ਮੁਹੱਰਮ’ ਮੌਕੇ ਤਾਜ਼ੀਏ ਕੱਢੇ ਅਤੇ ਵਿਸ਼ੇਸ਼ ਪ੍ਰਾਰਥਨਾ ਕੀਤੀ। ਇਸ ਦੌਰਾਨ ਝਾਰਖੰਡ ਤੇ ਗੁਜਰਾਤ ਵਿੱਚ ਤਾਜ਼ੀਆ ਕੱਢਦੇ ਹੋਏ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸੇ ਦੌਰਾਨ ਪੱਛਮੀ ਦਿੱਲੀ ਵਿੱਚ ਤਾਜ਼ੀਆ ਕੱਢਣ ਸਮੇਂ ਪੁਲੀਸ ਵੱਲੋਂ ਰੂਟ ਬਦਲਣ ਤੋਂ ਰੋਕਣ ’ਤੇ ਲੋਕਾਂ ਦੇ ਇਕ ਸਮੂਹ ਨੇ ਪੁਲੀਸ ’ਤੇ ਪਥਰਾਅ ਕਰ ਦਿੱਤਾ। ਇਸ ਦੌਰਾਨ 10 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।