
ਨਵੀਂ ਦਿੱਲੀ, 10 ਅਗਸਤ/ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ’ਚ ‘ਭਾਰਤ ਮਾਤਾ’ ਗ਼ੈਰਸੰਸਦੀ ਸ਼ਬਦ ਹੋ ਗਿਆ ਹੈ। ਲੋਕ ਸਭਾ ’ਚ ਬੇਭਰੋਸਗੀ ਦੇ ਮਤੇ ਦੌਰਾਨ ਰਾਹੁਲ ਗਾਂਧੀ ਦੇ ਬਿਆਨ ਦੇ ਕੁਝ ਅੰਸ਼ ਸਪੀਕਰ ਓਮ ਬਿਰਲਾ ਵੱਲੋਂ ਬੁੱਧਵਾਰ ਦੇਰ ਰਾਤ ਸਦਨ ਦੀ ਕਾਰਵਾਈ ’ਚੋਂ ਕੱਢਣ ਮਗਰੋਂ ਕਾਂਗਰਸ ਆਗੂ ਨੇ ਇਹ ਟਿੱਪਣੀ ਕੀਤੀ ਹੈ। ਸੰਸਦ ਦੇ ਰਿਕਾਰਡ ’ਚੋਂ ਬਿਆਨ ਦੇ ਕੁਝ ਅੰਸ਼ ਕੱਢਣ ਬਾਰੇ ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ’ਤੇ ਰਾਹੁਲ ਨੇ ਕਿਹਾ,‘‘ਇੰਜ ਜਾਪ ਰਿਹਾ ਹੈ ਕਿ ‘ਭਾਰਤ ਮਾਤਾ’ ਹੁਣ ਸਾਡੇ ਦੇਸ਼ ’ਚ ਇਕ ਗ਼ੈਰਸੰਸਦੀ ਸ਼ਬਦ ਹੋ ਗਿਆ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਦੋਂ ਲੋਕ ਸਭਾ ’ਚ ਬੇਭਰੋਸਗੀ ਮਤੇ ਦਾ ਜਵਾਬ ਦੇ ਰਹੇ ਸਨ ਤਾਂ ਰਾਹੁਲ ਗਾਂਧੀ ਸਦਨ ’ਚੋਂ ਉੱਠ ਕੇ ਬਾਹਰ ਆ ਗਏ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਜ਼ਰੂਰੀ ਕੰਮ ਪੈ ਗਿਆ ਹੈ। ਉਂਜ ਉਹ ਕੁਝ ਸਮੇਂ ਬਾਅਦ ਸਦਨ ’ਚ ਪਰਤ ਆਏ ਸਨ। -ਪੀਟੀਆਈ