ਬੰਗਲੌਰ, 6 ਮਈ/ਕਾਂਗਰਸ ਦੇ ਜਨਰਲ ਸਕੱਤਰ ਅਤੇ ਕਰਨਾਟਕ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਦੇ ਉਮੀਦਵਾਰ ਵੱਲੋਂ ਕਾਂਗਰਸ ਪ੍ਰਧਾਨ ਐੱਮ. ਮਲਿਕਾਅਰਜੁਨ ਖੜਗੇ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਸ੍ਰੀ ਸੁਰਜੇਵਾਲਾ ਨੇ ਆਡੀਓ ਰਿਕਾਰਡਿੰਗ ਵੀ ਸਾਂਝੀ ਕੀਤੀ, ਜਿਸ ਵਿੱਚ ਕਥਿਤ ਤੌਰ ‘ਤੇ ਕਲਬੁਰਗੀ ਜ਼ਿਲ੍ਹੇ ਦੇ ਚਿਤਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਮਣੀਕਾਂਤਾ ਰਾਠੌੜ ਨੂੰ ਕੰਨੜ ਵਿੱਚ ਇਹ ਕਹਿੰਦੇ ਹੋਏ ਸੁਣਿਆ ਗਿਆ ਹੈ ਕਿ ਉਹ ਖੜਗੇ, ਉਸਦੀ ਪਤਨੀ ਅਤੇ ਬੱਚਿਆਂ ਦਾ ਸਫਾਇਆ ਕਰ ਦੇਵੇਗਾ। ਇਸ ਦੌਰਾਨ ਸ੍ਰੀ ਰਾਠੌੜ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ, ‘ਇਹ ਸਭ ਝੂਠ ਹੈ। ਉਹ ਫਰਜ਼ੀ ਆਡੀਓ ਹੈ। ਕਾਂਗਰਸ ਹਾਰ ਦੇ ਡਰੋਂ ਬੇਬੁਨਿਆਦ ਦੋਸ਼ ਲਗਾ ਰਹੀ ਹੈ।’
