August 24, 2026 6:41 am

‘ਬੇਟੀ ਬਚਾਓ’ ਦੇ ਨਾਅਰੇ ਦੇਣ ਵਾਲੇ ਮੋਦੀ ਪਹਿਲਵਾਨ ਬੇਟੀਆਂ ਦੀ ‘ਮਨ ਕੀ ਬਾਤ’ ਵੀ ਸੁਣਨ : ਬੀਬਾ ਰਾਜੂ

Share:

ਜਲੰਧਰ ਅਪ੍ਰੈਲ 30 (SECULAR PUNJAB) ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸਿੰਘ ਖਿਲਾਫ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ ਜਾਰੀ ਸੰਘਰਸ਼ ਦੀ ਹਮਾਇਤ ਵਿੱਚ ਪਹੁੰਚੀ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਮੰਗ ਕੀਤੀ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਇਸ ਬਾਹੂਬਲੀ ਬਰਖਿਲਾਫ ਬੀਤੇ ਦਿਨ ਦਰਜ ਹੋਏ ਦੋਵੇਂ ਮੁਕੱਦਮਿਆਂ ਵਿੱਚ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਉਸ ਨੂੰ ਸਾਰੇ ਸੰਵਿਧਾਨਕ ਅਹੁਦਿਆਂ ਤੋਂ ਲਾਂਭੇ ਕਰੇ।

ਇੱਥੇ ਭੁੱਖ ਹੜਤਾਲ ਵਿੱਚ ਪਹੁੰਚ ਕੇ ਬੀਬਾ ਰਾਜੂ ਨੇ ਮਹਿਲਾ ਕਿਸਾਨ ਯੂਨੀਅਨ ਵੱਲੋਂ ਪੂਰੀ ਹਮਾਇਤ ਦਿੰਦਿਆਂ ਕਿਹਾ ਕਿ ਇਹ ਲੜਾਈ ਦੇਸ਼ ਦੀਆਂ ਧੀਆਂ ਲਈ ਹੈ। ਇੰਨਾਂ ਧੀਆਂ ਨੇ ਉਲੰਪਿਕ ਮੈਡਲ ਜਿੱਤ ਕੇ ਵਿਦੇਸ਼ਾਂ ਵਿੱਚ ਭਾਰਤ ਦਾ ਨਾਮ ਅਤੇ ਤਿਰੰਗੇ ਝੰਡੇ ਦਾ ਮਾਣ ਵਧਾਇਆ ਹੈ ਜਦਕਿ ਇੰਨਾਂ ਧੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਇਸ ਬਾਹੂਬਲੀ ਦੇ ਖਿਲਾਫ ਡੇਢ ਦਰਜਨ ਅਪਰਾਧਿਕ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਇਸ ਨੇਤਾ ਨੂੰ ਭਾਜਪਾ ਸਰਕਾਰ ਬਚਾਉਣ ਉਤੇ ਤੁਲੀ ਹੋਈ ਹੈ।

ਬੀਬਾ ਰਾਜੂ ਨੇ ਯਾਦ ਕਰਾਇਆ ਕਿ ਤਗਮੇ ਜਿੱਤ ਕੇ ਦੇਸ਼ ਨੂੰ ਵਾਰ-ਵਾਰ ਮਾਣ ਦਿਵਉਣ ਵਾਲੀਆਂ ਧੀਆਂ ਨੂੰ ਇਨਸਾਫ਼ ਮੰਗਣ ਲਈ ਵਾਰ-ਵਾਰ ਸੜਕਾਂ ‘ਤੇ ਬੈਠਣਾ ਪਿਆ ਹੈ ਪਰ ‘ਬੇਟੀ ਬਚਾਓ‘ ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਜਧਾਨੀ ਵਿੱਚ ਪਹਿਲਵਾਨ ਬੇਟੀਆਂ ਦੀ ‘ਮਨ ਕੀ ਬਾਤ‘ ਸੁਣਨ ਕਿਉਂ ਤੋਂ ਇਨਕਾਰੀ ਹਨ।

ਮਹਿਲਾ ਕਿਸਾਨ ਨੇਤਾ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਜਨਵਰੀ ਮਹੀਨੇ ਇਨਸਾਫ ਦਾ ਪੱਕਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਭਾਜਪਾ ਦੀ ਰਾਜ ਸਭਾ ਮੈਂਬਰ ਤੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ.ਟੀ. ਊਸ਼ਾ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਆਪਣੀ ਪਾਰਟੀ ਦੇ ਉਕਤ ਬਾਹੂਬਲੀ ਨੇਤਾ ਨੂੰ ਬਚਾਉਂਦੇ ਰਹੇ ਅਤੇ ਅੰਤਰਰਾਸ਼ਟਰੀ ਪਹਿਲਵਾਨਾਂ ਨੂੰ ਇਨਸਾਫ਼ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਏ ਹਨ।

ਕਿਸਾਨ ਨੇਤਾ ਨੇ ਕਿਹਾ ਭਗਵਾਂ ਪਾਰਟੀ ਦਾ ਹਰਿਆਣੇ ਦਾ ਮੰਤਰੀ ਸੰਦੀਪ ਸਿੰਘ ਵੀ ਮਹਿਲਾ ਖਿਡਾਰਨ ਦਾ ਕਥਿਤ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਫਸਿਆ ਹੋਇਆ ਹੈ। ਉਨਾਂ ਮੰਗ ਕੀਤੀ ਕਿ ਕੇਂਦਰ ਤੇ ਰਾਜ ਸਰਕਾਰਾਂ ਖੇਡਾਂ ਤੇ ਖੇਡ ਮੈਦਾਨਾਂ ਵਿੱਚ ਲੜਕੀਆਂ ਲਈ ਮਹਿਫੂਜ ਅਤੇ ਸੁਰੱਖਿਅਤ ਮਾਹੌਲ ਨੂੰ ਯਕੀਨੀ ਬਣਾਉਣ ਅਤੇ ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ‘ ਤੇ ਬੈਠੇ ਸਮੂਹ ਪਹਿਲਵਾਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

 

 

 

 

seculartvindia
Author: seculartvindia

Leave a Comment

Voting poll

[democracy id="1"]

latest news