
ਦਲਜੀਤ ਕੌਰ/ਬਰਨਾਲਾ, 28 ਜੁਲਾਈ, 2023: “ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਫਿਰਕੂ-ਫਾਸ਼ੀਵਾਦੀ, ਕਾਰਪੋਰੇਟ ਪੱਖੀ ਮੋਦੀ-ਸ਼ਾਹ ਸਰਕਾਰ ਨੂੰ ਕੇਂਦਰੀ ਸੱਤਾ ਤੋਂ ਲਾਂਭੇ ਕਰਨ ਲਈ ਦੇਸ਼ ਦੇ ਸਮੂਹ ਖੱਬੇ, ਜਮਹੂਰੀ, ਧਰਮ ਨਿਰਪੱਖ ਸਿਆਸੀ ਦਲਾਂ, ਲੜਾਕੂ ਸੰਗਠਨਾਂ, ਇਨਸਾਫ ਪਸੰਦ ਤੇ ਅਗਾਂਹਵਧੂ ਸੰਸਥਾਵਾਂ ਤੇ ਬੁੱਧੀਜੀਵੀਆਂ ਦਾ ਏਕਾ ਉਸਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।”
ਇਹ ਸ਼ਬਦ ਪਾਰਟੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਬਰਨਾਲਾ ਦੀ ਅਨਾਜ ਮੰਡੀ ਵਿਖੇ ਸੱਦੀ ਗਈ ਮਾਲਵਾ ਜ਼ੋਨ ਦੀ ਪ੍ਰਭਾਵਸ਼ਾਲੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ।
ਸਾਥੀ ਪਾਸਲਾ ਨੇ ਦੱਸਿਆ ਕਿ ਸਤੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ ਮੋਦੀ ਸਰਕਾਰ ਨੂੰ ਚਲਦਾ ਕਰਨ ਦਾ ਸੁਨੇਹਾ ਘਰ-ਘਰ ਪੁਚਾਉਣ ਲਈ ਰਾਜ ਕਮੇਟੀ ਵੱਲੋਂ ਸੂਬੇ ਅੰਦਰ ਦੋ ਜੱਥਾ ਮਾਰਚ ਕੀਤੇ ਜਾਣਗੇ ਜਿਨ੍ਹਾਂ ਦੌਰਾਨ ਕੀਤੀਆਂ ਜਾਣ ਵਾਲੀਆਂ ਸੈਂਕੜੇ ਜਨ ਸਭਾਵਾਂ ਰਾਹੀਂ ਬਦਲਵੀਆਂ, ਲੋਕ ਪੱਖੀ ਨੀਤੀਆਂ ਵਾਲੇ ਹਕੀਕੀ ਰਾਜਨੀਤਕ ਬਦਲ ਦੀ ਰੂਪ ਰੇਖਾ ਵੀ ਲੋਕਾਈ ਸਨਮੁੱਖ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਕਨਵੈਨਸ਼ਨ ਸਮੂਹ ਦੇਸ਼ ਵਾਸੀਆਂ, ਖਾਸ ਕਰਕੇ ਨਾਬਰੀ, ਸਾਂਝੀਵਾਲਤਾ ਅਤੇ ਬਰਾਬਰੀ ਦੀਆਂ ਮਹਾਨ ਪ੍ਰੰਪਰਾਵਾਂ ਦੇ ਵਾਰਸ ਪੰਜਾਬੀਆਂ ਨੂੰ ਸੱਦਾ ਦਿੰਦੀ ਹੈ ਕਿ, ਉਹ ਭਾਰਤ ਨੂੰ ਮੰਨੂਵਾਦੀ ਰਾਜਕੀ ਢਾਂਚੇ ਵਾਲੇ ਧਰਮ ਆਧਾਰਿਤ ਕੱਟੜ ਰਾਸ਼ਟਰ ਦੀ ਕਾਇਮੀ ਦੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ) ਦੇ ਤਬਾਹਕੁੰਨ ਏਜੰਡੇ ਨੂੰ ਫੇਲ੍ਹ ਕਰਨ ਲਈ ਹਰ ਮੁਹਾਜ਼ ‘ਤੇ ਆਰ-ਪਾਰ ਦੇ ਘੋਲ ਵਿੱਢਣ। ਉਨ੍ਹਾਂ ਅਪੀਲ ਕਿ ਦੇਸ਼ ਵਾਸੀ ਲਾਸਾਨੀ ਸੁਤੰਤਰਤਾ ਸੰਗਰਾਮੀਆਂ ਦੀਆਂ ਅਦੁੱਤੀ ਸ਼ਹਾਦਤਾਂ ਅਤੇ ਬੇਮਿਸਾਲ ਕੁਰਬਾਨੀਆਂ ਸਦਕਾ ਹਾਸਲ ਹੋਈ ਆਜ਼ਾਦੀ ਪਿੱਛੋਂ ਕਾਇਮ ਹੋਏ ਦੇਸ਼ ਦੇ ਲੋਕ ਰਾਜੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ ਦੀ ਰਾਖੀ ਲਈ ਗਰਜ਼ਵੀਂ ਆਵਾਜ਼ ਬੁਲੰਦ ਕਰਨ।
ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਤਾਨਾਸ਼ਾਹੀ ਰਾਜ ਪ੍ਰਬੰਧ ਦੀ ਸਥਾਪਨਾ ਦੇ ਹਿਟਲਰੀ ਮਨਸੂਬਿਆਂ ਨੂੰ ਭਾਂਜ ਦੇਣ ਦੇ ਕਿਰਤੀ ਜਮਾਤ ਦੇ ਪ੍ਰਾਥਮਿਕ ਏਜੰਡੇ ਨੂੰ ਪੂਰ ਚੜ੍ਹਾਉਣ ਅਤੇ ਦੇਸ਼ ਦੇ ਲੋਕਾਂ ਨੂੰ ਕੰਗਾਲ ਕਰਕੇ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਸਾਮਰਾਜੀ ਭਾਈਵਾਲਾਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਦੇ ਧਨ ਅੰਬਾਰ ਹੋਰ ਵੱਡੇ ਕਰਨ ਲਈ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵ ਉਦਾਰਵਾਦੀ ਨੀਤੀਆਂ ਨੂੰ ਉਲੱਦੇ ਜਾਣ ਦੇ ਸੰਗਰਾਮਾਂ ਨੂੰ ਹੋਰ ਪ੍ਰਚੰਡ ਕਰੇਗੀ।
ਕਨਵੈਨਸ਼ਨ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਪੰਜਾਬ ਵਾਸੀ ਸੂਬਿਆਂ ਦੇ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਖਿਲਾਫ਼, ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਲਗਾਤਾਰ ਕੀਤੇ ਜਾ ਰਹੇ ਧੱਕੇ-ਵਿਤਕਰੇ ਦੇ ਖਾਤਮੇ ਲਈ ਅਤੇ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦੇ ਸਰਵ ਪ੍ਰਵਾਨਿਤ, ਨਿਆਂ ਸੰਗਤ ਹੱਲ ਲਈ ਸਮੂਹ ਪੰਜਾਬੀਆਂ ਦਾ ਜਮਹੂਰੀ ਲੀਹਾਂ ‘ਤੇ ਬਾਜ਼ਾਬਤਾ ਘੋਲ ਵਿੱਢਣ ਦੇ ਆਰ ਐਮ ਪੀ ਆਈ ਤੇ ਖੱਬੀਆਂ ਧਿਰਾਂ ਦੇ ਸੱਦੇ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਨ।
ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਮੋਦੀ ਮਾਰਕਾ ਨਿਜੀਕਰਨ, ਉਦਾਰੀਕਰਨ ਦੀਆਂ ਨੀਤੀਆਂ, ਨਸ਼ਾ ਤਸਕਰਾਂ ਅਤੇ ਮਾਫੀਆ ਗ੍ਰੋਹਾਂ ਦੀ ਪੁਸ਼ਤ ਪਨਾਹੀ ਅਤੇ ਕੇਂਦਰੀ ਸਰਕਾਰ ਦੇ ਨੀਤੀ ਪੈਂਤੜੇ ਬਾਰੇ ਧਾਰੀ ਅਪਰਾਧਿਕ ਚੁੱਪ ਖਿਲਾਫ਼ ਵੀ ਡੱਟਣ ਦੀ ਅਪੀਲ ਕੀਤੀ ਗਈ। ਕਨਵੈਨਸ਼ਨ ਨੇ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਮਨੀਪੁਰ ਵਿਖੇ ਕਤਲੋ ਗਾਰਤ, ਔਰਤਾਂ ਦੀ ਬੇਹੁਰਮਤੀ, ਹਜ਼ੂਮੀ ਹਿੰਸਾ ਅਤੇ ਸਾੜਫੂਕ ਸਖਤੀ ਨਾਲ ਰੋਕੇ ਜਾਣ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਫੌਰੀ ਬਰਖਾਸਤ ਕੀਤੇ ਜਾਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਦੇ ਸਿਰੇ ਦੇ ਨਿਰਦਈ ਤੇ ਸੰਵੇਦਨਾ ਹੀਨ ਰਵੱਈਏ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਲਾਲ ਚੰਦ ਸਰਦੂਲਗੜ੍ਹ, ਰਘਬੀਰ ਸਿੰਘ ਬੈਨੀਪਾਲ, ਦੇਵ ਰਾਜ ਵਰਮਾ, ਗੁਰਮੇਜ ਲਾਲ ਗੇਜੀ, ਪੂਰਨ ਚੰਦ ਨਨਹੇੜਾ, ਗੁਰਤੇਜ ਸਿੰਘ ਹਰੀ ਨੌ, ਅਮਰਜੀਤ ਸਿੰਘ ਕੁੱਕੂ ਨੇ ਕਨਵੈਨਸ਼ਨ ਦਾ ਮਨੋਰਥ ਸਾਂਝਾ ਕੀਤਾ। ਪ੍ਰਧਾਨਗੀ ਭੀਮ ਸਿੰਘ ਆਲਮਪੁਰ, ਮਲਕੀਤ ਸਿੰਘ ਵਜੀਦ ਕੇ, ਛੱਜੂ ਰਾਮ ਰਿਸ਼ੀ, ਹਰੀ ਸਿੰਘ ਢੀਂਡਸਾ ਅਤੇ ਜਗਤਾਰ ਸਿੰਘ ਚਕੋਹੀ ਨੇ ਕੀਤੀ। ਊਧਮ ਸਿੰਘ ਸੰਤੋਖਪੁਰਾ ਨੇ ਕਾਰਵਾਈ ਚਲਾਈ।