November 22, 2025 11:10 am

ਬਰਸਾਤਾਂ ਤੋਂ ਪਹਿਲਾਂ ਕੀਤੀ ਸਫ਼ਾਈ ਤੇ ਮਜਬੂਤੀ ਸਦਕਾ ਹੀ 749 ਫ਼ੁੱਟ ਤੋਂ ਵੱਧ ਪਾਣੀ ਪਹੁੰਚਣ ਤੇ ਵੀ ਘੱਗਰ ਦੇ ਦੋਵੇਂ ਪਾਸੇ ਬੰਨ੍ਹ ਸੁਰੱਖਿਅਤ: ਡਿਪਟੀ ਕਮਿਸ਼ਨਰ

Share:

ਦਲਜੀਤ ਕੌਰ/ਮੂਨਕ/ਸੰਗਰੂਰ, 11 ਜੁਲਾਈ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਹੋਰਨਾਂ ਅਧਿਕਾਰੀਆਂ ਸਮੇਤ ਅੱਜ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਤੇ ਮੂਨਕ ਇਲਾਕਿਆਂ ‘ਚ ਪੈਂਦੇ ਘੱਗਰ ਦਰਿਆ ਦੇ ਆਲੇ-ਦੁਆਲੇ ਸੰਵੇਦਨਸ਼ੀਲ ਥਾਂਵਾਂ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਡਰੇਨੇਜ ਵਿਭਾਗ ਵੱਲੋਂ ਸਫ਼ਾਈ ਤੇ ਮਜ਼ਬੂਤੀ ਦਾ ਮਿਆਰੀ ਪੱਧਰ ਦਾ ਕੰਮ ਪਿਛਲੇ ਸਾਲ ਵਾਂਗ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਕਰਵਾਇਆ ਗਿਆ ਹੈ ਜਿਸ ਸਦਕਾ ਹੁਣ ਘੱਗਰ ਦਾ ਪਾਣੀ ਖ਼ਤਰੇ ਦੇ ਪੱਧਰ ਤੋਂ ਵੀ ਡੇਢ ਫੁੱਟ ਉੱਚਾ ਭਾਵ 749.2 ਫੁੱਟ ‘ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਆਏ ਹੜ੍ਹਾਂ ਦੌਰਾਨ ਜਦੋਂ ਘੱਗਰ ਦਰਿਆ ਵਿੱਚ ਪਾੜ ਪਿਆ ਸੀ ਤਾਂ ਉਸ ਸਮੇਂ ਪਾਣੀ ਦਾ ਪੱਧਰ ਖਨੌਰੀ ਗੇਜ਼ ਤੇ ਲਗਭਗ 748 ਫੁੱਟ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਜ਼ਬੂਤੀ ਦਾ ਕੰਮ ਹੁਣ ਕਰਵਾਏ ਜਾਣ ਦੀ ਅਫ਼ਵਾਹ ਫੈਲਾਈ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ ਤੇ ਜ਼ਿਲ੍ਹਾ ਵਾਸੀਆਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੇ ਤੇਜ਼ ਵਹਾਅ ਦੇ ਮੱਦੇਨਜ਼ਰ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਲੋੜ ਪੈਣ ਤੇ ਸਮੇਂ ਸਿਰ ਬਚਾਅ ਕਾਰਜ ਸ਼ੁਰੂ ਕਰਨ ਲਈ ਬਠਿੰਡਾ ਤੋਂ ਐਨ.ਡੀ.ਆਰ.ਐਫ਼. ਦੀ ਟੀਮ ਨੂੰ ਵੀ ਮੂਨਕ ਵਿਖੇ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘੱਗਰ ਦੁਆਲੇ ਬੰਨ੍ਹ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਮਜ਼ੋਰ ਥਾਵਾਂ ਤੇ ਬੰਨ੍ਹ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੇ ਰੇਤ ਦੇ ਖਾਲੀ ਅਤੇ ਭਰੇ ਥੈਲੇ ਅਹਿਤਿਆਤੀ ਕਦਮਾਂ ਵਜੋਂ ਰੱਖੇ ਗਏ ਹਨ ਤੇ ਲੋੜੀਂਦੀ ਮਸ਼ੀਨਰੀ ਵੀ ਰਾਹਤ ਕਾਰਜਾਂ ਲਈ ਦਿਨ-ਰਾਤ ਵਰਤੀ ਜਾ ਰਹੀ ਹੈ।
ਰਾਹਤ ਕਾਰਜਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਲੇ 48 ਘੰਟੇ ਦਾ ਸਮਾਂ ਬਹੁਤ ਨਾਜ਼ੁਕ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਸਥਿਤੀ ਨੂੰ ਕਾਬੂ ‘ਚ ਰੱਖਣ ਲਈ ਦਿਨ-ਰਾਤ ਜੀਅਤੋੜ ਮਿਹਨਤ ਕਰ ਰਿਹਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫੌਰੀ ਤੌਰ ਤੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਾਏ ਜਾਣ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਐਮਰਜੈਂਸੀ ਦੌਰਾਨ ਰਾਸ਼ਨ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਤੇ ਮੰਡੀ ਬੋਰਡ ਨੂੰ ਇਲਾਕੇ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਸਹੀ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋੜ ਪੈਣ ਤੇ ਵਾਹਨਾਂ ਦੀ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਐਸ ਐਸ ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਫੌਰੀ ਰਾਹਤ ਕਾਰਵਾਈ ਯਕੀਨੀ ਬਣਾਉਣ ਲਈ 24 ਘੰਟੇ ਘੱਗਰ ਦਰਿਆ ਦੇ ਕੰਢਿਆਂ ਤੇ ਗਸ਼ਤ ਕੀਤੀ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਐਸਡੀਐਮ ਸੂਬਾ ਸਿੰਘ, ਐਸਡੀਐਮ ਨਵਰੀਤ ਕੌਰ ਸੇਖੋਂ, ਸਿਵਲ ਸਰਜਨ ਡਾ. ਪਰਮਿੰਦਰ ਕੌਰ ਅਤੇ ਐਨ.ਡੀ.ਆਰ.ਐਫ਼. ਦੇ ਅਧਿਕਾਰੀ ਵੀ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news