ਦਲਜੀਤ ਕੌਰ/ਮਲੇਰਕੋਟਲਾ, 6 ਸਤੰਬਰ, 2023: ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਲੋਕ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਜੁਝਾਰਵਾਦੀ ਕਾਵਿ ਧਾਰਾ ਦੀ ਮਹੱਤਤਾ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਸੰਬੋਧਨ ਕਰਦਿਆਂ ਜੁਝਾਰਵਾਦੀ ਕਾਵਿ ਪ੍ਰਵਿਰਤੀ ਦੀ ਮਹੱਤਤਾ ਦੇ ਵਿਸ਼ੇ ਉੱਪਰ ਆਪਣੀ ਗੱਲ ਰੱਖੀ। ਜਿਸ ਵਿੱਚ ਉਹਨਾਂ ਨੇ ਜੁਝਾਰਵਾਦੀ ਕਵੀ ਅਵਤਾਰ ਪਾਸ਼ ਬਾਰੇ ਸੰਖੇਪ ਵਿੱਚ ਦੱਸਣ ਤੋਂ ਬਾਅਦ ਜੁਝਾਰਵਾਦੀ ਕਾਵਿ ਪ੍ਰਵਿਰਤੀ ਦੇ ਪਿਛੋਕੜ, ਰੂਸ ਅੰਦਰ ਆਈ ਕ੍ਰਾਂਤੀ ਨਾਲ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਇਨਕਲਾਬੀਆਂ ਵੱਲੋਂ ਕਮਿਊਨਿਸਟ ਪਾਰਟੀ ਬਣਾਉਣ, ਭਾਰਤ ਅੰਦਰ ਸਮਝੌਤੇ ਦੀ ਅਜ਼ਾਦੀ, ਕਮਿਊਨਿਸਟ ਪਾਰਟੀਆਂ ਦੀ ਟੁੱਟ ਭੱਜ ਅਤੇ ਨਕਸਲਬਾੜੀ ਲਹਿਰ ਫੈਲਾਅ, ਜਿਸ ਤੋਂ ਪ੍ਰਭਾਵਿਤ ਜੁਝਾਰਵਾਦੀ ਕਾਵਿ ਪ੍ਰਵਿਰਤੀ ਆਈ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਓਹਨਾਂ ਕਿਹਾ ਕਿ ਸਾਹਿਤ ਆਪਣੇ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਿਸ ਨਾਲ ਅਸੀਂ ਬੀਤੇ ਹੋਏ ਤੇ ਚੱਲ ਰਹੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਜਦੋਂ ਸਾਡੀ ਨੌਜਵਾਨੀ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ, ਨਿੱਜੀਕਰਨ ਭਗਵਾਂਕਰਨ ਆਦਿ ਨੇ, ਜਿਹਨਾਂ ਦਾ ਸਾਹਮਣਾ ਕਰਦੇ ਹੋਏ ਸੰਘਰਸ਼ਾਂ ਬਿਨਾਂ ਹੋਰ ਕੋਈ ਰਾਹ ਨਹੀਂ। ਇਸਦੇ ਨਾਲ ਹੀ ਓਹਨਾਂ ਵਿਦਿਆਰਥੀਆਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਵਿਦਿਆਰਥੀਆਂ ਨੇ ਸਵਾਲ ਕਰ ਦਿਲਚਸਪੀ ਵੀ ਦਿਖਾਈ ਅਤੇ ਅੰਤ ਕਾਲਜ ਇਕਾਈ ਦੇ ਜਗਰਾਜ ਸਿੰਘ ਨੇ ਪਾਸ਼ ਵੱਲੋਂ ਲਿਖਿਆ ਗੀਤ ਪੇਸ਼ ਕਰ ਸਭ ਦਾ ਧੰਨਵਾਦ ਕੀਤਾ।