
ਤੁਰੂਵੇਕੇਰੇ (ਕਰਨਾਟਕ), 1 ਮਈ/ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਰਨਾਟਕ ਚੋਣਾਂ ਉਨ੍ਹਾਂ ਬਾਰੇ ਨਹੀਂ ਹਨ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਇਸ ਦੋਸ਼ ਨੂੰ ਲੈ ਕੇ ਇਹ ਗੱਲ ਕਹੀ ਕਿ ਕਾਂਗਰਸ ਵੱਲੋਂ ਉਨ੍ਹਾਂ ਨੂੰ 91 ਵਾਰ ਅਪਸ਼ਬਦ ਕਹੇ ਗਏ। ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਬਾਰੇ ਗੱਲ ਕਰਨ ਦੀ ਥਾਂ ਕਰਨਾਟਕ ਵਿੱਚ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਇੱਥੇ ਤੁਮਕੁਰੂ ਜ਼ਿਲ੍ਹੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਸੀਂ ਕਰਨਾਟਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਂਦੇ ਹੋ, ਪਰ ਤੁਸੀਂ ਕਰਨਾਟਕ ਬਾਰੇ ਨਹੀਂ ਬੋਲਦੇ ਹੋ। ਤੁਸੀਂ ਆਪਣੇ ਬਾਰੇ ਬੋਲਦੇ ਹੋ।’’ ਰਾਹੁਲ ਨੇ ਕਿਹਾ, ‘‘ਇਹ ਚੋਣਾਂ ਤੁਹਾਡੇ ਬਾਰੇ ਨਹੀਂ ਹਨ, ਇਹ ਕਰਨਾਟਕ ਦੇ ਲੋਕਾਂ ਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਹਨ।’’-ਪੀਟੀਆਈ