ਨਵੀਂ ਦਿੱਲੀ, 7 ਫਰਵਰੀ//ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਤੋਂ ਦੋ-ਰੋਜ਼ਾ ਸਰਕਾਰੀ ਦੌਰੇ ਉਤੇ ਅਮਰੀਕਾ ਜਾਣਗੇ। ਇਸ ਦੌਰਾਨ ਉਹ ਅਮਰੀਕਾ ਦੇ ਸਦਰ ਡੋਨਲਡ ਟਰੰਪ (President Donald Trump) ਨਾਲ ਮੁਲਾਕਾਤ ਕਰਨਗੇ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਦਿੱਤੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ (Foreign Secretary Vikram Misri) ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਦੀ ਦੀ ਫੇਰੀ ਭਾਰਤ ਤੇ ਅਮਰੀਕਾ ਦੇ ਦੁਵੱਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਇਨ੍ਹਾਂ ਨੂੰ ਨਵੀਂ ਦਿਸ਼ਾ ਦੇਵੇਗੀ।
ਅਮਰੀਕਾ ਜਾਣ ਤੋਂ ਪਹਿਲਾਂ ਮੋਦੀ 10 ਤੋਂ 12 ਫਰਵਰੀ ਤੱਕ ਫਰਾਂਸ ਦੌਰੇ ’ਤੇ ਹੋਣਗੇ, ਜਿੱਥੇ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ (French President Emmanuel Macron) ਨਾਲ ‘ਏਆਈ ਐਕਸ਼ਨ ਸਮਿਟ’ (AI Action Summit) ਦੀ ਸਹਿ-ਪ੍ਰਧਾਨਗੀ ਕਰਨਗੇ।
ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ’ (International Thermonuclear Experimental Reactor) ਵਾਲੇ ਸਥਾਨ ਕਦਾਹਾਸ਼ (Cadarache) ਦਾ ਦੌਰਾ ਕਰਨਗੇ, ਜਿਸ ਵਿੱਚ ਭਾਰਤ ਵੀ ਭਾਈਵਾਲ ਹੈ। -ਪੀਟੀਆਈ