ਪੱਛਮੀ ਬੰਗਾਲ ਦੇ ਦੌਰੇ ’ਤੇ ਆਏ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨੂੰ ਮੰਗਲਵਾਰ ਸਵੇਰੇ ਉਸ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਦਕਸ਼ਿਨੇਸ਼ਵਰ ਕਾਲੀ ਮੰਦਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ‘ਗੋ ਬੈਕ’ (ਵਾਪਸ ਜਾਓ) ਦੇ ਨਾਅਰੇ ਲਗਾਏ। ਦੱਸ ਦੇਈਏ ਕਿ ਐਤਵਾਰ ਰਾਤ ਏਅਰਪੋਰਟ ’ਤੇ ਪਹੁੰਚਣ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਲਗਾਤਾਰ ਤੀਜੀ ਵਾਰ ਅਜਿਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਾਲੀਘਾਟ ਮੰਦਰ ਦੇ ਬਾਹਰ ਵੀ ਉਨ੍ਹਾਂ ਖਿਲਾਫ ਪ੍ਰਦਰਸ਼ਨ ਹੋਇਆ ਸੀ।
ਹਾਲਾਂਕਿ, ਇਸ ਵਿਰੋਧ ਦੇ ਬਾਵਜੂਦ ਗਿਆਨੇਸ਼ ਕੁਮਾਰ ਨੇ ਆਪਣੇ ਤੈਅ ਪ੍ਰੋਗਰਾਮ ਜਾਰੀ ਰੱਖੇ। ਹਾਵੜਾ ਜ਼ਿਲ੍ਹੇ ਦੇ ਬੇਲੂਰ ਮੱਠ ਦੇ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਪੱਛਮੀ ਬੰਗਾਲ ਵਿੱਚ ਹਿੰਸਾ ਮੁਕਤ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਅਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰੇਗਾ ਜਿੱਥੇ ਵੋਟਰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਇੱਕ ਤਿਉਹਾਰ ਵਾਂਗ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।