
ਹੁਸ਼ਿਆਰਪੁਰ 28 ਅਪ੍ਰੈਲ ( ਤਰਸੇਮ ਦੀਵਾਨਾ ) ਕਿਸਾਨਾਂ ਅਤੇ ਮਜਦੂਰ ਵਰਗ ਦੇ ਮਸੀਹਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ 5 ਵਾਰ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਪਿੱਛੋ ਉਨ੍ਹਾਂ ਦੀ ਘਾਟ ਹਮੇਸ਼ਾ ਪੰਜਾਬ ਵਾਸੀਆਂ ਨੂੰ ਰੜਕਦੀ ਰਹੇਗੀ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਰਾਜਨੀਤੀ ਵਿੱਚ ਜਿਨ੍ਹਾਂ ਉੱਚੀਆਂ ਕਦਰਾਂ-ਕੀਮਤਾਂ ਦੀ ਪ੍ਰੋੜਤਾ ਕੀਤੀ ਗਈ ਉਹ ਸਾਡੇ ਸਭ ਲਈ ਰਾਹ ਦਸੇਰਾ ਰਹਿਣਗੀਆਂ। ਲਾਲੀ ਬਾਜਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਖੇਤਰੀ ਪਾਰਟੀਆਂ ਦੀ ਆਵਾਜ ਨੂੰ ਕੇਂਦਰ ਦੀ ਸੱਤਾ ਸਾਹਮਣੇ ਬੁਲੰਦ ਰੱਖਿਆ ਉੱਥੇ ਹੀ ਹਮੇਸ਼ਾ ਕੇਂਦਰ ਸਰਕਾਰਾਂ ਤੋਂ ਪੰਜਾਬ ਦੇ ਵਿਕਾਸ ਲਈ ਵੱਡੇ ਫੈਸਲੇ ਕਰਵਾਏ ਜਿਨ੍ਹਾਂ ਦੇ ਸਦਕੇ ਅੱਜ ਪੰਜਾਬ ਦੀ ਤਸਵੀਰ ਬਦਲੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵੱਸਦੇ ਹਰ ਵਰਗ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਆਗੂ ਪ੍ਰਵਾਨ ਕਰਦੇ ਸਨ ਅਤੇ ਉਨ੍ਹਾਂ ਨੇ ਵੀ ਹਮੇਸ਼ਾ ਸਭ ਵਰਗਾਂ ਦੇ ਬਰਾਬਰ ਵਿਕਾਸ ਦਾ ਖਿਆਲ ਰੱਖਿਆ ਜਿਸ ਕਾਰਨ ਉਨ੍ਹਾਂ ਦਾ ਵਿਕਾਸ ਪੁਰਸ਼ ਵਜ੍ਹੋਂ ਉਭਾਰ ਹੋਇਆ। ਲਾਲੀ ਬਾਜਵਾ ਨੇ ਕਿਹਾ ਕਿ ਅੱਜ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਨ੍ਹਾਂ ਵੱਲੋਂ ਦਿਖਾਏ ਗਏ ਰਸਤੇ ’ਤੇ ਹਮੇਸ਼ਾ ਚੱਲਦੇ ਰਹਾਂਗੇ ਤਾਂ ਜੋ ਪੰਜਾਬ ਨੂੰ ਵਿਕਾਸ ਦੇ ਰਸਤੇ ’ਤੇ ਤੋਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦਾ ਆ ਰਿਹਾ ਹੈ ਤਿਵੇਂ ਹੀ ਭਵਿੱਖ ਵਿੱਚ ਵੀ ਇਸੇ ਰਾਹ ’ਤੇ ਚੱਲਿਆ ਜਾਵੇਗਾ ਅਤੇ ਕਦੇ ਵੀ ਪੰਜਾਬ ਦੇ ਹੱਕਾਂ-ਹਿੱਤਾਂ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਲਾਲੀ ਬਾਜਵਾ ਨੇ ਕਿਹਾ ਕਿ 95 ਸਾਲ ਦੀ ਉਮਰ ਵਿੱਚ ਵੀ ਬਾਦਲ ਪੰਜਾਬ ਦੇ ਭਲੇ ਲਈ ਫਿਕਰਮੰਦ ਸਨ ਅਤੇ ਉਨ੍ਹਾਂ ਦੀ ਉੱਚੀ-ਸੁੱਚੀ ਸੋਚ ਤੇ ਵਿਰਾਸਤ ਨੂੰ ਅਕਾਲੀ ਵਰਕਰ ਹਮੇਸ਼ਾ ਆਪਣੇ ਦਿਲ ਵਿੱਚ ਸਾਂਭ ਕੇ ਰੱਖਣਗੇ।