
ਦਲਜੀਤ ਕੌਰ/ਬਰਨਾਲਾ, 1 ਮਈ, 2023: ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮਜ਼ਦੂਰ ਦਿਵਸ ਪੂਰੇ ਇਨਕਲਾਬੀ ਜੋਸ਼ ਨਾਲ ਧਨੌਲਾ ਰੋਡ ਮੁੱਖ ਦਫਤਰ ਵਿਖੇ ਮਨਾਇਆ। ਪੈਨਸ਼ਨਰਜ਼ ਐਸੋਸੀਏਸ਼ਨ ਦਾ ਝੰਡਾ ਲਹਿਰਾਉਣ ਦੀ ਰਸਮ ਸੂਬਾਈ ਆਗੂ ਸ਼ਿੰਦਰ ਧੌਲਾ ਨੇ ਨਿਭਾਈ। ਦੋ ਮਿੰਟ ਦਾ ਮੋਨ ਧਾਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦਾਂ ਦੇ ਲੁੱਟ,ਜਬਰ ਅਤੇ ਦਾਬੇ ਤੋਂ ਰਹਿਤ ਅਧੂਰੇ ਕਾਰਜ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ। ਇਸ ਸਮੇਂ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਪੈਨਸ਼ਨਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਦਫਤਰ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਮਹਿੰਦਰ ਸਿੰਘ ਕਾਲਾ, ਗੁਰਚਰਨ ਸਿੰਘ, ਜਗਦੀਸ਼ ਸਿੰਘ, ਜੱਗਾ ਸਿੰਘ, ਰੂਪ ਚੰਦ, ਜੋਗਿੰਦਰ ਪਾਲ, ਰਜਿੰਦਰ ਸਿੰਘ, ਰਾਮ ਸਿੰਘ, ਨਰਾਇਣ ਦੱਤ ਆਦਿ ਆਗੂਆਂ ਨੇ ਮਈ ਦਿਵਸ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਆਗੂਆਂ ਕਿਹਾ ਕਿ ਮਈ ਦਿਵਸ ਦੇ ਸ਼ਹੀਦਾਂ ਦੀ ਵਿਚਾਰਧਾਰਾ ਅੱਜ ਵੀ ਪ੍ਰੇਰਨਾਸ੍ਰੋਤ ਹੈ।
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਿੰਗਾਰਾ ਸਿੰਘ, ਹਰਜੀਤ ਸਿੰਘ, ਸੁਖਚੈਨ ਸਿੰਘ, ਦਰਸ਼ਨ ਸਿੰਘ, ਗੁਰਜੰਟ ਸਿੰਘ, ਜਗਰਾਜ ਸਿੰਘ,ਬਲਵੰਤ ਸਿੰਘ, ਮੋਹਣ ਸਿੰਘ, ਜਗਮੀਤ ਸਿੰਘ, ਬੂਟਾ ਸਿੰਘ, ਗਮਦੂਰ ਸਿੰਘ ਆਦਿ ਨੇ ਕਿਹਾ ਕਿ ਸਾਮਰਾਜੀ ਨੀਤੀਆਂ ਨੂੰ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲੋਕ/ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਨਵੀਂ ਆਰਥਿਕ ਤੇ ਸਨਅਤੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਨ੍ਹਾਂ ਨੀਤੀਆਂ ਨਾਲ ਕਿਰਤੀਆਂ ਦੀ ਤਿੱਖੀ ਰੱਤ ਨਿਚੋੜੀ ਜਾ ਰਹੀ ਹੈ। ਮੁਲਾਜ਼ਮਾਂ/ਪੈਨਸ਼ਨਰਾਂ ਵੱਲੋਂ ਸਿਰੜੀ ਸੰਘਰਸ਼ ਦੀ ਬਦੌਲਤ ਹਾਸਲ ਕੀਤੀਆਂ ਸਹੂਲਤਾਂ ਨੂੰ ਵੀ ਖੋਹਿਆ ਜਾ ਰਿਹਾ ਹੈ। ਇਸ ਲਈ ਕਿਰਤੀ ਜਮਾਤ ਨੂੰ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਤਿੱਖੇ ਵਿਸ਼ਾਲ ਸੰਘਰਸ਼ਾਂ ਦੀ ਲੋੜ ਹੈ। ਵਿਸ਼ਾਲ ਰੈਲੀ ਕਰਨ ਉਪਰੰਤ ‘ਮਈ ਦਿਵਸ ਦੇ ਸ਼ਹੀਦਾਂ ਨੂੰ-ਲਾਲ ਸਲਾਮ, ਮਈ ਦਿਵਸ ਦੇ ਸ਼ਹੀਦਾਂ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ -ਮੁਰਦਾਬਾਦ, ਮਈ ਦਿਵਸ ਦੇ ਸ਼ਹੀਦ-ਅਮਰ ਰਹਿਣ’ ਆਦਿ ਅਕਾਸ਼ ਗੁੰਜਾਊ ਨਾਹਰੇ ਮਾਰਦਿਆਂ ਜੋਸ਼ੀਲਾ ਇਨਕਲਾਬੀ ਮਾਰਚ ਕੀਤਾ।