ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਖੇਤਰ ਵਿੱਚ ਹੋ ਰਹੀ ਭਾਰੀ ਬਰਸਾਤ ਨਾਲ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ’ਚ ਪੈਂਦੇ ਜਲਾਲੀਆ ਦਰਿਆ ਤੇ ਉਝ ਦਰਿਆ, ਪਠਾਨਕੋਟ ਦੇ ਨਾਲ ਲੱਗਦੇ ਚੱਕੀ ਦਰਿਆ ਅਤੇ ਖੱਡਾਂ ਵਿੱਚ ਅੱਜ ਭਾਰੀ ਮਾਤਰਾ ਵਿੱਚ ਪਾਣੀ ਆ ਗਿਆ। ਜਿਸ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਪੰਗੋਲੀ ਖੱਡ ਵਿੱਚ ਭਾਰੀ ਮਾਤਰਾ ਵਿੱਚ ਆਏ ਪਾਣੀ ਨਾਲ ਕੋਠੇ ਮਨਵਾਲ ਪਿੰਡ ਵਿੱਚ ਖੱਡ ਕਿਨਾਰੇ ਬਣੀ ਹੋਈ ਇੱਕ 2 ਮੰਜ਼ਿਲਾ ਕੋਠੀ ਢਹਿ ਢੇਰੀ ਹੋ ਗਈ ਅਤੇ ਪਾਣੀ ਪੰਗੋਲੀ ਪਿੰਡ ਦੇ ਘਰਾਂ ਵਿੱਚ ਵੀ ਵੜ ਗਿਆ। ਜਿਸ ਨਾਲ ਪਿੰਡ ਵਾਸੀਆਂ ਨੇ ਡਿਫੈਂਸ ਰੋਡ ਤੇ ਆ ਕੇ ਪ੍ਰਸ਼ਾਸਨ ਖਿਲਾਫ ਭਾਰੀ ਗੁੱਸਾ ਕੱਢਿਆ ਅਤੇ ਨਾਅਰੇਬਾਜ਼ੀ ਕੀਤੀ ਪਰ ਅਧਿਕਾਰੀਆਂ ਅਤੇ ਪੁਲੀਸ ਨੇ ਜਾ ਕੇ ਉਨ੍ਹਾਂ ਨੂੰ ਭਰੋਸਾ ਦੇ ਕੇ ਸ਼ਾਂਤ ਕੀਤਾ। ਪਿੰਡ ਜੈਨੀ ਉਪਰਲਾ ਵਿੱਚ ਇੱਕ ਸੂਆ ਟੁੱਟ ਗਿਆ ਅਤੇ ਉਸ ਦਾ ਪਾਣੀ ਪਿੰਡ ਦੇ ਘਰਾਂ ਵਿੱਚ ਆ ਵੜਿਆ ਜਿਸ ਕਾਰਨ ਪਿੰਡ ਵਾਸੀ ਸਾਰਾ ਦਿਨ ਆਪਣੇ ਘਰਾਂ ਵਿੱਚੋਂ ਬਾਲਟੀਆਂ ਪਾਣੀ ਬਾਹਰ ਕੱਢਣ ਵਿੱਚ ਲੱਗੇ ਰਹੇ।
ਪਠਾਨਕੋਟ-ਡਲਹੌਜ਼ੀ-ਚੰਬਾ ਮਾਰਗ ਪੂਰੀ ਤਰ੍ਹਾਂ ਕਈ ਥਾਵਾਂ ਤੋਂ ਢਿੱਗਾਂ ਡਿੱਗਣ ਨਾਲ ਬੰਦ ਹੋ ਗਿਆ ਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਮਾਰਗ ਉਪਰ ਭਾਰੀ ਗਿਣਤੀ ਵਿੱਚ ਦਰਖਤ ਵੀ ਡਿੱਗ ਗਏ ਹਨ। ਇਸੇ ਤਰ੍ਹਾਂ ਧਾਰ ਬਲਾਕ ਅੰਦਰ ਫਰਸ਼ੀ ਖੱਡ ਵਿੱਚ ਪਾਣੀ ਆ ਜਾਣ ਨਾਲ ਕਈ ਲਿੰਕ ਸੜਕਾਂ ਪ੍ਰਭਾਵਿਤ ਹੋ ਗਈਆਂ ਅਤੇ ਪਾਣੀ ਸੜਕਾਂ ਦੇ ਉਪਰੋਂ ਲੰਘਦਾ ਰਿਹਾ। ਦੁਖਨਿਆਲੀ ਵਿਖੇ ਢਿੱਗਾਂ ਡਿੱਗਣ ਨਾਲ ਦੁਨੇਰਾ ਤੋਂ ਬਸੋਹਲੀ ਨੂੰ ਜਾਣ ਵਾਲਾ ਮਾਰਗ ਬੰਦ ਹੋ ਗਿਆ ਤੇ ਕਾਫੀ ਸਮਾਂ ਟ੍ਰੈਫਿਕ ਪ੍ਰਭਾਵਿਤ ਰਿਹਾ। ਅਖੀਰ ਸੜਕ ਸੁਰੱਖਿਆ ਸੰਗਠਨ ਵੱਲੋਂ ਜੇਸੀਬੀ ਲਗਾ ਕੇ ਢਿੱਗਾਂ ਨੂੰ ਹਟਾ ਕੇ 3 ਘੰਟੇ ਬਾਅਦ ਟ੍ਰੈਫਿਕ ਨੂੰ ਬਹਾਲ ਕਰਵਾਇਆ। ਸਰਹੱਦੀ ਖੇਤਰ ਦੇ ਜਲਾਲੀਆ ਦਰਿਆ ਵਿੱਚ ਹੜ੍ਹ ਦਾ ਪਾਣੀ ਆ ਜਾਣ ਨਾਲ ਮਨਵਾਲ ਮੰਗਵਾਲ ਮੋੜ ਤੇ ਬਮਿਆਲ ਨੂੰ ਜਾਣ ਵਾਲੀ ਸੜਕ ਦਾ 40 ਫੁੱਟ ਕਰੀਬ ਟੋਟਾ ਰੁੜ੍ਹ ਗਿਆ ਅਤੇ ਪਠਾਨਕੋਟ ਤੋਂ ਬਮਿਆਲ ਨੂੰ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ।
ਉਝ ਦਰਿਆ ਨੇ ਵੀ ਕਾਫੀ ਤਬਾਹੀ ਮਚਾਈ। ਜਦ ਕਿ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਜੰਮੂ-ਜਲੰਧਰ ਵਾਲਾ ਪਠਾਨਕੋਟ ਸਥਿਤ ਰੇਲਵੇ ਪੁਲ ਪੂਰੀ ਤਰ੍ਹਾਂ ਖਤਰੇ ਵਿੱਚ ਆ ਚੁੱਕਾ ਹੈ। ਇਸ ਦੇ ਨਜ਼ਦੀਕ ਹੀ ਚੱਕੀ ਦਰਿਆ ਕਿਨਾਰੇ ਪੈਂਦੇ ਸੈਲੀ ਕੁੱਲੀਆਂ (ਭਦਰੋਆ) ਦੀ ਆਬਾਦੀ ਦੇ ਦਰਜਨ ਤੋਂ ਵੱਧ ਘਰਾਂ ਨੂੰ ਨਗਰ ਨਿਗਮ ਪਠਾਨਕੋਟ ਦੇ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਤੇ ਘਰਾਂ ਦੇ ਵਾਸੀ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਇਸੇ ਹੀ ਦਰਿਆ ਦੇ ਪਾਣੀ ਨੇ ਏਅਰਫੋਰਸ ਨੂੰ ਜਾਣ ਵਾਲਾ ਰਸਤਾ ਵੀ ਰੁੜ੍ਹ ਜਾਣ ਨਾਲ ਪੂਰੀ ਤਰ੍ਹਾਂ ਬੰਦ ਹੋ ਗਿਆ ਤੇ ਮਿਲਟਰੀ ਹਸਪਤਾਲ ਦੀ ਚਾਰਦੀਵਾਰੀ ਦਾ ਕੁੱਝ ਹਿੱਸਾ ਵੀ ਪਾਣੀ ਭੇਂਟ ਚੜ੍ਹ ਗਿਆ।