ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੌਕਰੀ ਬਦਲੇ ਜ਼ਮੀਨ ਘੁਟਾਲਾ ਮਾਮਲੇ ਵਿੱਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਅਤੇ ਅੱਠ ਹੋਰ ਮੁਲਜ਼ਮਾਂ ਖ਼ਿਲਾਫ਼ ਅੱਜ ਇਕ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ। ਸਪਲੀਮੈਂਟਰੀ ਚਾਰਜਸ਼ੀਟ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਕੋਲ ਦਾਖਲ ਕੀਤੀ ਗਈ ਜਿਨ੍ਹਾਂ ਨੇ ਮਾਮਲੇ ’ਤੇ ਅਗਲੀ ਸੁਣਵਾਈ ਵਾਸਤੇ 13 ਅਗਸਤ ਤਰੀਕ ਤੈਅ ਕੀਤੀ। ਈਡੀ ਦਾ ਮਾਮਲਾ ਸੀਬੀਆਈ ਦੀ ਇਕ ਐੱਫਆਈਆਰ ਮਗਰੋਂ ਦਰਜ ਕੀਤਾ ਗਿਆ ਹੈ। ਜਾਂਚ ਏਜੰਸੀ ਮੁਤਾਬਕ, ਇਹ ਮਾਮਲਾ 2004 ਤੋਂ 2009 ਤੱਕ ਰੇਲ ਮੰਤਰੀ ਵਜੋਂ ਲਾਲੂ ਪ੍ਰਸਾਦ ਯਾਦਵ ਦੇ ਕਾਰਜਕਾਲ ਦੌਰਾਨ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਰੇਲਵੇ ਦੇ ਪੱਛਮੀ-ਮੱਧ ਜ਼ੋਨ ਵਿੱਚ ਗਰੁੱਪ ‘ਡੀ’ ਵਿੱਚ ਹੋਈਆਂ ਭਰਤੀਆਂ ਨਾਲ ਸਬੰਧਤ ਹੈ। ਦੋਸ਼ ਹੈ ਕਿ ਰੇਲਵੇ ਵਿੱਚ ਭਰਤੀ ਹੋਣ ਵਾਲੇ ਲੋਕਾਂ ਨੇ ਨੌਕਰੀ ਬਦਲੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਦੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਨੂੰ ਤੋਹਫੇ ਵਜੋਂ ਜ਼ਮੀਨ ਦਿੱਤੀ ਸੀ। -ਪੀਟੀਆਈ