ਦਲਜੀਤ ਕੌਰ/ਧੂਰੀ, 1 ਅਕਤੂਬਰ, 2023: ਨਹਿਰੀ ਪਾਣੀ ਲੈਣ ਲਈ ਮੁੱਖ ਮੰਤਰੀ ਦਫ਼ਤਰ ਅੱਗੇ ਪੱਕੇ ਮੋਰਚੇ ਦੇ ਬਾਰਵੇਂ ਦਿਨ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਨਹਿਰੀ ਪਾਣੀ ਦੀ ਲੋੜ ਇਸ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਪੂਰੇ ਪੰਜਾਬ ਦੇ ਲੋਕਾਂ ਦੀ ਅਣਸਰਦੀ ਲੋੜ ਹੈ,ਇਸ ਕਰਕੇ ਪੂਰੇ ਪੰਜਾਬ ਦੇ ਲੋਕ ਇਸ ਮੋਰਚੇ ਦੀ ਹਮਾਇਤ ਕਰ ਰਹੇ ਹਨ। ਜਦੋਂ ਤੱਕ ਰਾਇਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਕੇ ਪੰਜਾਬ ਦਾ ਦਰਿਆਈ ਪਾਣੀ ਹਰੇਕ ਖੇਤ ਤੱਕ ਪੁੱਜਦਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਨਹੀਂ ਰੁਕ ਸਕਦੀ। ਨਹਿਰੀ ਪਾਣੀ ਤੋਂ ਵਾਂਝੇ 70 ਪਿੰਡਾਂ ਨੂੰ ਪਾਣੀ ਦੇਣ ਲਈ 1986 ਵਿੱਚ ਬਣੇ ਪ੍ਰੋਜੈਕਟਾਂ ਨੂੰ ਸਿਰੇ ਚਾੜਨ ਤੋਂ ਭਗਵੰਤ ਮਾਨ ਸਰਕਾਰ ਕੰਨੀ ਕਤਰਾ ਰਹੀ ਹੈ, ਧਰਤੀ ਹੇਠਲਾ ਪਾਣੀ ਡੂੰਘਾ ਜਾਣ ਕਾਰਨ ਇਨਾ ਇਲਾਕਿਆਂ ਦੀ ਅਣਸਰ ਦੀ ਲੋੜ ਹੈ ਇਹ ਪ੍ਰੋਜੈਕਟ ਪੂਰੇ ਕਰਨੇ। ਸਰਕਾਰ ਦੇ ਇਸ ਨਾਂਹ ਪੱਖੀ ਵਤੀਰੇ ਖਿਲਾਫ ਲੱਗੇ ਪੱਕੇ ਮੋਰਚੇ ਵਿੱਚ ਛੇ ਅਕਤੂਬਰ ਨੂੰ ਵੱਧ ਚੜ ਕੇ ਇਲਾਕੇ ਦੇ ਲੋਕ ਸਮੂਲੀਅਤ ਕਰਨਗੇ ਅਤੇ ਉਸ ਦਿਨ ਕੋਈ ਤਿੱਖਾ ਐਕਸ਼ਨ ਕੀਤਾ ਜਾਵੇਗਾ।
ਅੱਜ ਦੇ ਮੋਰਚੇ ਨੂੰ ਸੰਘਰਸ਼ ਕਮੇਟੀ ਦੇ ਆਗੂ ਪਰਮੇਲ ਸਿੰਘ ਹਥਨ, ਗੁਰਮੁੱਖ ਸਿੰਘ ਚੂੰਘਾਂ, ਪ੍ਰੀਤਮ ਸਿੰਘ ਬੀਕੇਯੂ ਉਗਰਾਹਾਂ ਸ਼ੇਰਪੁਰ ਬਲਾਕ ਦੇ ਪ੍ਰਧਾਨ, ਬੀਕੇਯੂ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਬਦੇਸ਼ਾ, ਬਾਬੂ ਸਿੰਘ ਮੂਲੋਵਾਲ, ਬਲਵੀਰ ਸਿੰਘ ਕੁੰਨਰ, ਨਿਰਮਲ ਸਿੰਘ ਘਨੌਰ ਕਲਾਂ, ਜਗਤਾਰ ਸਿੰਘ ਭੂਦਨ, ਮਨਪ੍ਰੀਤ ਸਿੰਘ ਈਸਾਪੁਰ, ਸੁਖਚੈਨ ਸਿੰਘ ਕਲੇਰਾਂ, ਮਲਕੀਤ ਸਿੰਘ, ਲਾਭ ਸਿੰਘ ਨੱਥੋਹੇੜੀ, ਮਾਸਟਰ ਕੁਲਦੀਪ ਸਿੰਘ, ਬਿੱਕਰ ਸਿੰਘ ਕਾਤਰੋਂ ਸਮੇਤ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ।
ਜ਼ਿਕਰਯੋਗ ਹੈ ਕਿ ਨਹਿਰੀ ਪਾਣੀਂ ਪ੍ਰਾਪਤੀ ਸੰਘਰਸ਼ ਕਮੇਟੀ ਦੀ ਇੱਕ ਟੀਮ ਲਗਾਤਾਰ ਪਿੰਡਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ ਜਿਸ ਦੀ ਅਗਵਾਈ ਭੁਪਿੰਦਰ ਸਿੰਘ ਲੌਂਗੋਵਾਲ, ਮੱਘਰ ਸਿੰਘ ਭੂਦਨ, ਮੇਹਰ ਸਿੰਘ ਈਸਾਪੁਰ, ਚਮਕੌਰ ਸਿੰਘ ਹਥਨ ਅਤੇ ਮਾਨ ਸਿੰਘ ਸੱਦੋਪੁਰ ਕਰ ਰਹੇ ਹਨ।