ਨਵੀਂ ਦਿੱਲੀ, 8 ਫਰਵਰੀ//ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ (ਆਪ) ਨੂੰ ਪਾਰਟੀ ਆਗੂਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਜਿਹੇ ਦੋਸ਼ਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਦੀ ਜਾਂਚ ਹੋਵੇਗੀ ਤੇ ਜਿਨ੍ਹਾਂ ਲੋਕਾਂ ਨੇ ਪੈਸਾ ਲੁੱਟਿਆ ਹੈ, ਉਨ੍ਹਾਂ ਨੂੰ ਇਹ ਮੋੜਨਾ ਹੋਵੇਗਾ। ਸ੍ਰੀ ਮੋਦੀ ਦਿੱਲੀ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਲਈ ਇਥੇ ਪਾਰਟੀ ਹੈੱਡਕੁਆਰਟਰ ’ਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਪਣੀ ਤਕਰੀਰ ਵਿਚ ‘ਆਪ’ ਤੇ ਕਾਂਗਰਸ ਨੂੰ ਜਮ ਕੇ ਨਿਸ਼ਾਨਾ ਬਣਾਇਆ। ਸ੍ਰੀ ਮੋਦੀ ਨੇ ਭਾਜਪਾ ਦੀ ਜਿੱਤ ਨੂੰ ‘ਇਤਿਹਾਸਕ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੋਈ ਸਾਧਾਰਨ ਜਿੱਤ ਨਹੀਂ ਹੈ। ਦਿੱਲੀ ਦੇ ਲੋਕਾਂ ਨੇ ‘ਆਪ-ਦਾ’ ਨੂੰ ਬਾਹਰ ਕੀਤਾ ਹੈ। ਦਿੱਲੀ ਦੇ ਲੋਕ ਆਪ-ਦਾ ਮੁਕਤ ਹੋ ਗਏ ਹਨ। ਦਿੱਲੀ ਦਾ ਫ਼ਤਵਾ ਬਿਲਕੁਲ ਸਪਸ਼ਟ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਠੱਗੀ ਤੇ ਮੂਰਖਤਾ ਵਾਲੀ ਸਿਆਸਤ ਦੀ ਨਹੀਂ ਬਲਕਿ ਸੰਜੀਦਾ ਸਿਆਸੀ ਕਾਇਆਕਲਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ‘ਸ਼ਾਰਟ-ਕੱਟਾਂ ਦੀ ਸਿਆਸਤ ਨੂੰ ਸ਼ਾਰਟ-ਸਰਕਟ ਕਰ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਤੋਂ ਸਪਸ਼ਟ ਹੈ ਕਿ ਸਿਆਸਤ ਵਿਚ ਭ੍ਰਿਸ਼ਟਾਚਾਰ ਤੇ ਝੂਠ ਲਈ ਕੋਈ ਥਾਂ ਨਹੀਂ ਹੈ।