
ਦਲਜੀਤ ਕੌਰ/ਸੰਗਰੂਰ, 8 ਅਗਸਤ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪੱਧਰੀ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਨਿਰਵਿਘਨ ਰੂਪ ਵਿੱਚ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਅਗਸਤ ਨੂੰ ਪੁਲਿਸ ਲਾਈਨ ਸਟੇਡੀਅਮ ਵਿਖੇ ਅੰਤਿਮ ਰਿਹਰਸਲ ਹੋਵੇਗੀ ਜਿਸ ਲਈ ਸਮੇਂ ਸਿਰ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨ੍ਹਾਂ ਸਿਹਤ ਵਿਭਾਗ, ਮਾਰਕੀਟ ਕਮੇਟੀ, ਨਗਰ ਕੌਂਸਲ, ਨਗਰ ਸੁਧਾਰ ਟਰੱਸਟ ਸਮੇਤ ਹੋਰ ਵਿਭਾਗਾਂ ਨੂੰ ਮੈਡੀਕਲ ਟੀਮ, ਪੀਣ ਵਾਲਾ ਸਾਫ ਪਾਣੀ, ਆਰਜ਼ੀ ਪਖਾਨੇ, ਸਾਫ਼ ਸਫ਼ਾਈ ਦਾ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਰਿਹਰਸਲਾਂ ਲਈ ਬੱਚਿਆਂ ਨੂੰ ਸਕੂਲਾਂ ਤੋਂ ਲੈ ਕੇ ਆਉਣ ਅਤੇ ਛੱਡ ਕੇ ਆਉਣ ਲਈ ਲੋੜੀਂਦੇ ਆਵਾਜਾਈ ਪ੍ਰਬੰਧ ਮੁਕੰਮਲ ਕਰਨ ਲਈ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ, ਟ੍ਰੈਫ਼ਿਕ ਵਿਵਸਥਾ ਅਤੇ ਪਾਰਕਿੰਗ ਦੇ ਪ੍ਰਬੰਧ ਪੁਖ਼ਤਾ ਰੱਖਣ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਉਪ ਮੰਡਲ ਮੈਜਿਸਟਰੇਟ ਨਵਰੀਤ ਕੌਰ ਸੇਖੋਂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।