
ਹੁਸ਼ਿਆਰਪੁਰ , 23 ਅਗਸਤ (ਤਰਸੇਮ ਦੀਵਾਨਾ) ਪੰਜਾਬ ਸਰਕਾਰ ਵੱਲੋਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਪੰਚਾਇਤਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਭੰਗ ਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਰਗਟਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਸੀਨੀਅਰ ਆਗੂ ਮਾਸਟਰ ਕੁਲਦੀਪ ਸਿੰਘ ਮਸੀਤੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹੋਸ਼ਿਆਰਪੁਰ ਕੋਮਲ ਮਿੱਤਲ ਜੀ ਨੂੰ ਮੰਗ ਪੱਤਰ ਸੌਂਪਿਆ ਇਸ ਮੌਕੇ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੀ ਸਾਰੀਆਂ 13241 ਗ੍ਰਾਮ ਪੰਚਾਇਤਾਂ ਨੂੰ ਤੁਰੰਤ ਪ੍ਰਭਾਵ ਨਾਲ ਸਮੇਂ ਤੋਂ ਪਹਿਲਾਂ ਭੰਗ ਕਰਨਾ ਜਮਹੂਰੀਅਤ ਦਾ ਘਾਣ ਹੈ ਅਤੇ ਭਾਰਤੀ ਸੰਵਿਧਾਨ ਦੀ ਧਾਰਾ 243-ਈ ਦੀ ਉਲੰਘਣਾ ਹੈ | ਸਿੰਗੜੀਵਾਲਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਦੀ ਮਿਆਦ ਪਹਿਲੀ 5 ਸਾਲ ਲਈ ਨਿਰਧਾਰਿਤ ਕੀਤੀ ਗਈ ਹੈ ਜਿਸ ਨੂੰ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਭੰਗ ਕਰਨਾ ਬਹੁਤ ਮੰਦਭਾਗਾ ਹੈ।| ਉਨ੍ਹਾਂ ਕਿਹਾ ਕਿ ਪੰਚਾਇਤਾਂ ਭੰਗ ਕਰਨ ਦਾ ਜਾਰੀ ਕੀਤਾ ਗਿਆ ਨੋਟਿਸ ਕਾਰਜਕਾਰੀ ਸ਼ਕਤੀਆਂ ਦੀ ਮਨਮਾਨੀ, ਗੈਰ ਜਮਹੂਰੀ, ਗੈਰ ਕਾਨੂੰਨੀ ਅਤੇ ਸਖਤ ਵਰਤੋਂ ਦੇ ਕਾਰਨਾਂ ਬਾਰੇ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ | ਪੰਜਾਬ ਦੀ ਕਿਸੇ ਵੀ ਗ੍ਰਾਮ ਪੰਚਾਇਤ ਨੂੰ 5 ਸਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨ ਲਈ ਪਹਿਲਾਂ ਕੋਈ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ | ਇਸ ਸਮੇਂ ਮਾਸਟਰ ਕੁਲਦੀਪ ਸਿੰਘ ਮਸੀਤੀ ਨੇ ਕਿਹਾ ਕਿ ਪੰਚਾਇਤਾਂ ਨੂੰ ਭੰਗ ਕਰਨ ਦੇ ਨੋਟੀਫਿਕੇਸ਼ਨ ਦਾ ਮੁੱਦਾ ਸਿਆਸਤ ਤੋਂ ਪ੍ਰੇਰਿਤ ਹੈ | ਪੰਜਾਬ ਸਰਕਾਰ ਚੁਣੀਆਂ ਹੋਈਆਂ ਗ੍ਰਾਮ ਪੰਚਾਇਤਾਂ ਨੂੰ ਬਾਈਪਾਸ ਕਰਕੇ ਪਿੰਡਾਂ ਵਿੱਚ ਪੰਚਾਇਤਾਂ ਅਧੀਨ ਹੋਣ ਵਾਲੇ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ, ਕਿਉਂਕਿ ਜਿਆਦਾਤਰ ਪੰਜਾਬ ਦੀਆਂ ਪੰਚਾਇਤਾਂ ‘ਤੇ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਕਾਬਜ ਹਨ ਇਸ ਸਮੇਂ ਮਸੀਤੀਂ ਨੇ ਕਿਹਾ ਕਿ ਪੰਚਾਇਤਾਂ ਨੂੰ ਭੰਗ ਕਰਕੇ ਉਨ੍ਹਾਂ ਦੇ ਜੋ ਹੱਕ ਖੋਹੇ ਗਏ ਹਨ, ਉਨ੍ਹਾਂ ਨੂੰ ਤੁਰੰਤ ਵਾਪਸ ਕੀਤੇ ਜਾਣ ਅਤੇ ਪੰਚਾਇਤਾਂ ਨੂੰ ਬਹਾਲ ਕੀਤਾ ਜਾਵੇ | ਇਸ ਸਮੇਂ ਜਸਵੰਤ ਸਿੰਘ ਫੌਜੀ ਸਰਕਲ ਪ੍ਰਧਾਨ ਟਾਂਡਾ, ਪਰਮਿੰਦਰ ਸਿੰਘ ਖਾਲਸਾ ਸਰਕਲ ਪ੍ਰਧਾਨ ਮੁਕੇਰੀਆਂ, ਰਵਿੰਦਰ ਸਿੰਘ ਪਾੜਾ, ਪ੍ਰਿਤਪਾਲ ਸਿੰਘ ਮੁਰਾਦਪੁਰ, ਕਰਨੈਲ ਸਿੰਘ ਲਵਲੀ, ਗੁਰਬਖਸ਼ ਸਿੰਘ ਮੁਰਾਦਪੁਰ, ਪ੍ਰਭਜੋਤ ਸਿੰਘ ਪ੍ਰਭ ਤੇ ਦਿਲਬਾਗ ਸਿੰਘ ਪਥਰਾਲੀਆਂ ਆਦਿ ਹਾਜਰ ਸਨ |